ਵਿਆਹੁਤਾ ਨੇ ਸਹੁਰਿਆਂ 'ਤੇ ਲਗਾਏ ਦਾਜ ਅਤੇ ਬੱਚੀ ਨੂੰ ਜ਼ਹਿਰ ਪਿਆਉਣ ਦੇ ਦੋਸ਼
Thursday, Jun 27, 2019 - 06:33 PM (IST)

ਅੰਮ੍ਰਿਤਸਰ (ਅਰੁਣ)-ਦਾਜ 'ਚ ਕਾਰ ਅਤੇ ਹੋਰ ਮੰਗਾਂ ਪੂਰੀਆਂ ਨਾ ਹੋਣ 'ਤੇ ਵਿਆਹੁਤਾ ਨਾਲ ਕੁੱਟ-ਮਾਰ ਕਰਦਿਆਂ ਘਰੋਂ ਕੱਢਣ ਅਤੇ ਉਸ ਦੀ 4 ਸਾਲਾ ਬੱਚੀ ਨੂੰ ਜ਼ਹਿਰੀਲੀ ਦਵਾਈ ਪਿਆਉਣ ਵਾਲੇ ਸਹੁਰਾ ਪਰਿਵਾਰ ਦੇ 7 ਮੈਂਬਰਾਂ ਖਿਲਾਫ ਥਾਣਾ ਮੱਤੇਵਾਲ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮਹਿਮੂਦਪੁਰ ਵਾਸੀ ਅਮਨਦੀਪ ਕੌਰ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ 12 ਫਰਵਰੀ 2013 ਨੂੰ ਉਸ ਦਾ ਵਿਆਹ ਦਕੋਹਾ ਵਾਸੀ ਰਣਜੋਧ ਸਿੰਘ ਨਾਲ ਹੋਇਆ ਸੀ, ਵਿਆਹ ਦੇ ਕੁਝ ਚਿਰ ਮਗਰੋਂ ਹੀ ਸਹੁਰਾ ਪਰਿਵਾਰ ਨੇ ਦਾਜ 'ਚ ਵੱਡੀ ਕਾਰ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 12 ਅਪ੍ਰੈਲ 2019 ਨੂੰ ਮੁਲਜ਼ਮਾਂ ਨੇ ਉਸ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਉਸ ਦੀ 4 ਸਾਲਾ ਦੀ ਬੱਚੀ ਨੂੰ ਜ਼ਹਿਰੀਲੀ ਦਵਾਈ ਪਿਲਾ ਦਿੱਤੀ। ਉਪ ਕਪਤਾਨ ਮਜੀਠਾ ਵਲੋਂ ਮਾਮਲੇ ਦੀ ਜਾਂਚ ਕਰਨ ਮਗਰੋਂ ਰਣਜੋਧ ਸਿੰਘ, ਧਰਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਸਹੁਰਾ ਬਲਵਿੰਦਰ ਸਿੰਘ, ਰਣਜੀਤ ਕੌਰ, ਪਤਨੀ ਜਗੀਰ ਸਿੰਘ, ਜਗੀਰ ਸਿੰਘ ਪੁੱਤਰ ਦਲੀਪ ਸਿੰਘ, ਗੁਰਵੇਲ ਸਿੰਘ ਪੁੱਤਰ ਜਗੀਰ ਸਿੰਘ, ਸੱਸ ਬਲਰਾਜ ਕੌਰ ਵਾਸੀ ਦਹੋਕਾ (ਗੁਰਦਾਸਪੁਰ) ਦੇ ਖਿਲਾਫ ਮਾਮਲਾ ਦਰਜ ਕਰ ਲਿਆ।