ਪਰਿਵਾਰ ਦਾ ਦੋਸ਼, ਦਾਜ ''ਚ ਸਵਿਫਟ ਕਾਰ ਨਾ ਦੇਣ ਕਰਕੇ ਕੁੜੀ ਦਾ ਕੀਤਾ ਕਤਲ

Monday, Mar 02, 2020 - 06:39 PM (IST)

ਪਰਿਵਾਰ ਦਾ ਦੋਸ਼, ਦਾਜ ''ਚ ਸਵਿਫਟ ਕਾਰ ਨਾ ਦੇਣ ਕਰਕੇ ਕੁੜੀ ਦਾ ਕੀਤਾ ਕਤਲ

ਝਬਾਲ (ਨਰਿੰਦਰ) : ਥਾਣਾ ਝਬਾਲ ਅਧੀਨ ਆਉਂਦੇ ਪਿੰਡ ਠੱਠਗੜ ਵਿਖੇ 4 ਸਾਲ ਪਹਿਲਾਂ ਵਿਆਹੀ ਲੜਕੀ ਜੋ ਇਕ ਛੋਟੇ ਜਿਹੇ ਬੱਚੇ ਦੀ ਮਾਂ ਹੈ ਨੂੰ ਉਸ ਦੇ ਸਹੁਰਿਆਂ ਵਲੋਂ ਦਾਜ ਵਿਚ ਸਵਿੱਫਟ ਕਾਰ ਨਾਲ ਲਿਆਉਣ ਕਰਕੇ ਫਾਹ ਦੇ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਝਬਾਲ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਰਾਣੀ ਦੇ ਪਿਤਾ ਗੁਰਬਖਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਜਾਸਾਂਸੀ ਨੇ ਦੱਸਿਆ ਕਿ ਉਸ ਦੀ ਲੜਕੀ ਰਾਣੀ ਦਾ ਵਿਆਹ ਚਾਰ ਸਾਲ ਪਹਿਲਾਂ ਪਿੰਡ ਠੱਠਗੜ੍ਹ ਵਿਖੇ ਕਿਰਪਾਲ ਸਿੰਘ ਪੁੱਤਰ ਬਾਜ਼ ਸਿੰਘ ਨਾਲ ਪੂਰੇ ਰੀਤੀ ਰਿਵਾਜ਼ਾਂ ਨਾਲ ਹੋਇਆ ਸੀ ਅਤੇ ਅਸੀਂ ਆਪਣੀ ਹੈਸੀਅਤ ਮੁਤਾਬਕ ਵਿਆਹ ਵਿਚ ਦਾਜ ਵੀ ਦਿੱਤਾ ਸੀ। ਉਸ ਦਾ ਇਕ ਛੋਟਾ ਬੱਚਾ ਵੀ ਹੈ ਪ੍ਰੰਤੂ ਇਹ ਸਾਡੀ ਲੜਕੀ ਨੂੰ ਦਾਜ ਵਿਚ ਸਵਿੱਫਟ ਕਾਰ ਲਿਆਉਣ ਲਈ ਜ਼ੋਰ ਪਾਉਂਦੇ ਸਨ, ਜਿਸ ਕਰਕੇ ਅਕਸਰ ਇਨ੍ਹਾਂ ਦਾ ਲੜਾਈ ਝਗੜਾ ਰਹਿੰਦਾ ਸੀ। 

ਉਕਤ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਇਨ੍ਹਾਂ ਦਾ ਆਪਸੀ ਸਮਝੌਤਾ ਵੀ ਕਰਵਾਇਆ ਪਰ ਕੁਝ ਸਮੇਂ ਬਾਅਦ ਉਹੋ ਹਾਲ ਹੋ ਜਾਂਦਾ ਸੀ। ਜਿਸ ਦੇ ਚੱਲਦਿਆਂ ਬੀਤੀ ਰਾਤ ਇਨ੍ਹਾਂ ਨੇ ਸਾਡੀ ਲੜਕੀ ਨੂੰ ਫਾਹ ਦੇ ਦਿੱਤਾ। ਜਿਸ ਦਾ ਪਤਾ ਚੱਲਣ 'ਤੇ ਜਦੋਂ ਅਸੀਂ ਸਵੇਰੇ ਪਿੰਡ ਠੱਠਗੜ੍ਹ ਪਹੁੰਚੇ ਤਾਂ ਪਤਾ ਲੱਗਾ ਕਿ ਉਸ ਨੂੰ ਅੰਮ੍ਰਿਤਸਰ ਸਰਕਾਰੀ ਹਸਪਤਾਲ ਲੈ ਕੇ ਗਏ ਹਨ ਜਿਥੇ ਜਾ ਕੇ ਵੇਖਿਆ ਤਾਂ ਸਾਡੀ ਲੜਕੀ ਮਰੀ ਪਈ ਸੀ ਤੇ ਉਸ ਦੇ ਗਲੇ ਵਿਚ ਫਾਹੇ ਦੇ ਨਿਸ਼ਾਨ ਸਨ। ਮ੍ਰਿਤਕ ਲੜਕੀ ਰਾਣੀ ਦੇ ਪਿਤਾ ਦੇ ਬਿਆਨਾਂ 'ਤੇ ਲੜਕੀ ਦੇ ਪਤੀ ਕਿਰਪਾਲ ਸਿੰਘ, ਸਹੁਰੇ ਬਾਜ਼ ਸਿੰਘ, ਜਠਾਣੀ ਰਾਣੋ ਅਤੇ ਭਿੰਦਾ ਤੇ ਜੱਗਾ ਜੋ ਮ੍ਰਿਤਕ ਲੜਕੀ ਦੇ ਦਿਉਰ ਜੇਠ ਹਨ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ ਕਰਕੇ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News