ਪੰਜਾਬੀਆਂ ਨੇ ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਹਮੇਸ਼ਾ ਦਿਲ ਖੋਲ੍ਹ ਕੇ ਦਾਨ ਦਿੱਤਾ : ਵਿਜੇ ਚੋਪੜਾ

04/02/2018 11:01:02 AM

ਮੋਗਾ/ਫਤਿਹਗੜ੍ਹ ਪੰਜਤੂਰ (ਗੋਪੀ ਰਾਊਕੇ, ਰੋਮੀ) - ਸੈਂਟਰ ਫਾਰ ਯੂਥ ਐਂਡ ਰੂਰਲ ਡਿਵੈੱਲਪਮੈਂਟ ਰਜਿ. ਅਕਾਲੀਆਂ ਵਾਲਾ ਵੱਲੋਂ ਕਾਰਗਿਲ ਸ਼ਹੀਦ ਜਿਓਣ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਲਈ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ 'ਚ 'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਸਮਾਗਮ ਮਗਰੋਂ ਉਨ੍ਹਾਂ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਦੇ ਟਰੱਕ ਨੂੰ ਰਵਾਨਾ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ ਹੈ। 
ਉਨ੍ਹਾਂ ਕਿਹਾ ਕਿ ਸਰਹੱਦਾਂ 'ਤੇ ਰਹਿੰਦੇ ਲੋਕ ਭਾਰਤੀ ਫੌਜ ਦੇ ਬਰਾਬਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਕਿਉਂਕਿ ਹਮੇਸ਼ਾ ਹੀ ਦਹਿਸ਼ਤਗਰਦਾਂ ਨੇ ਇਨ੍ਹਾਂ ਨਿਰਦੋਸ਼ ਭਾਰਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਸੰਸਥਾ ਵੱਲੋਂ ਲੋੜਵੰਦ ਲੜਕੀਆਂ ਦੇ ਕੀਤੇ ਗਏ ਵਿਆਹ ਸਮਾਗਮ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜਕ ਕਾਰਜ ਕਰਨੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਸੱਦਾ ਦਿੱਤਾ ਕਿ ਹਰ ਵਿਅਕਤੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਦਾ ਹਿੱਸਾ ਬਣੇ। ਇਸ ਰਾਹਤ ਸਮੱਗਰੀ ਦਾ ਟਰੱਕ ਪ੍ਰਤੀਨਿਧੀ ਕੁਲਦੀਪ ਭੁੱਲਰ ਫਿਰੋਜ਼ਪੁਰ, ਸਬ-ਆਫਿਸ ਮੋਗਾ ਦੇ ਇੰਚਾਰਜ ਪਵਨ ਗਰੋਵਰ ਦੀ ਪ੍ਰੇਰਨਾ ਸਦਕਾ ਪ੍ਰਤੀਨਿਧੀ ਜ਼ੀਰਾ ਦਵਿੰਦਰ ਸਿੰਘ ਅਕਾਲੀਆਂ ਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਸ਼ਹਿਰੀ ਪ੍ਰਧਾਨ ਅਸ਼ੋਕ ਕਥੂਰੀਆ, ਪੰਡਤ ਸੰਦੀਪ ਕੁਮਾਰ ਪ੍ਰਭਾਕਰ ਆਦਿ ਵੱਲੋਂ ਭੇਜਿਆ ਗਿਆ। 
ਇਸ ਮੌਕੇ ਚੇਅਰਮੈਨ ਅਸ਼ਵਨੀ ਕੁਮਾਰ ਪਿੰਟੂ, ਜਸਵੰਤ ਰੋਮੀ, ਬਲਵੀਰ ਸਿੰਘ ਉੱਪਲ, ਦਿਲਬਾਗ ਸਿੰਘ ਢੋਲਣੀਆਂ, ਜੋਗਿੰਦਰ ਸਿੰਘ ਪੱਪੂ ਕਾਹਣੇਵਾਲਾ, ਜੋਗਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ।


Related News