ਰਿਆਸਤੀ ਨਗਰੀ ’ਚ ਘਰੇਲੂ ਗੈਸ ਸਿਲੰਡਰਾਂ ਦੀ ਧੜੱਲੇ ਨਾਲ ਹੋ ਰਹੀ ਈ-ਕਮਰਸ਼ੀਅਲ ਵਰਤੋਂ
Friday, Jul 09, 2021 - 04:15 PM (IST)
ਨਾਭਾ (ਜੈਨ) : ਇਸ ਰਿਆਸਤੀ ਨਗਰੀ ਵਿਚ ਤਿੰਨ ਜੇਲ੍ਹਾਂ ਤੇ ਗੈਸ ਬਾਟਲਿੰਗ ਪਲਾਂਟ ਹੈ। ਅੱਧੀ ਦਰਜਨ ਤੋਂ ਵੱਧ ਗੈਸ ਏਜੰਸੀਆਂ ਹਨ, ਜੋ ਲੋਕਾਂ ਨੂੰ ਘਰੇਲੂ ਤੇ ਕਮਰਸ਼ੀਅਲ ਗੈਸ ਸਪਲਾਈ ਕਰਦੀਆਂ ਹਨ। ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ, ਰੇਹੜੀਆਂ, ਖੋਖਿਆਂ, ਚਾਹ ਦੀਆਂ ਦੁਕਾਨਾਂ ਤੇ ਹੋਰ ਵੱਖ-ਵੱਖ ਅਦਾਰਿਆਂ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਧੜੱਲੇ ਨਾਲ ਹੋ ਰਹੀ ਹੈ ਕਿਉਂਕਿ ਖ਼ੁਰਾਕ ਸਪਲਾਈ ਵਿਭਾਗ ਤੇ ਪ੍ਰਸ਼ਾਸ਼ਨ ਨੇ ਕਦੇ ਵੀ ਛਾਪੇਮਾਰੀ ਨਹੀਂ ਕੀਤੀ।
ਪਟਿਆਲਾ ਗੇਟ ਚੌਂਕ ਵਿਚ ਦੋ ਪੈਟਰੋਲ ਪੰਪ ਹਨ। ਇਨ੍ਹਾਂ ਦੇ ਨਾਲ ਹੀ ਇਕ ਦਰਜਨ ਰੇਹੜੀਆਂ ਤੇ ਗੈਸ ਸਿਲੰਡਰ ਹਨ, ਜੋ ਹਾਦਸਿਆਂ ਤੇ ਵੱਡੇ ਦੁਖਾਂਤ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ। ਗੈਸ ਡੀਲਰਾਂ ਦਾ ਕਹਿਣਾ ਹੈ ਕਿ ਅਸੀਂ ਖ਼ੁਦ ਵੀ ਪਰੇਸ਼ਾਨ ਹਾਂ ਕਿਉਂਕਿ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਵਿਕਰੀ ਘੱਟ ਹੁੰਦੀ ਹੈ। ਦੇਖਣ ਵਿਚ ਆਇਆ ਹੈ ਕਿ 100 ਤੋਂ ਵੱਧ ਰੇਹੜੀਆਂ 'ਤੇ 250 ਤੋਂ ਵੱਧ ਦੁਕਾਨਾਂ/ਖੋਖਿਆਂ/ਸਟਾਲਾਂ ’ਤੇ ਘਰੇਲੂ ਗੈਸ ਸਿਲੰਡਰ ਇਸਤੇਮਾਲ ਹੋ ਰਹੇ ਹਨ। ਲੋਕਾਂ ਦੀ ਐਸ. ਡੀ. ਐਮ. ਤੇ ਡੀ. ਐਸ. ਪੀ. ਤੋਂ ਮੰਗ ਹੈ ਕਿ ਖ਼ੁਰਾਕ ਸਪਲਾਈ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਜਾਵੇ ਤੇ ਸਿਲੰਡਰ ਜ਼ਬਤ ਕੀਤੇ ਜਾਣ ਤਾਂ ਜੋ ਬਜ਼ਾਰਾਂ ਵਿਚ ਕੋਈ ਵੱਡਾ ਦੁਖਾਂਤ ਨਾ ਵਾਪਰ ਸਕੇ।