ਲੁਧਿਆਣਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲਾਇਆ ''ਧਰਨਾ'', ਜਾਣੋ ਪੂਰਾ ਮਾਮਲਾ
Tuesday, May 19, 2020 - 01:08 PM (IST)
ਲੁਧਿਆਣਾ (ਨਰਿੰਦਰ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਬੀਤੇ ਦਿਨ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਚਾਰ ਦਰਜਾ ਚਾਰ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਡਾਕਟਰਾਂ ਅਤੇ ਸਟਾਫ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਾਰੇ ਹੀ ਡਾਕਟਰ ਅਤੇ ਹਸਪਤਾਲ ਸਟਾਫ ਕੰਮ-ਕਾਰ ਛੱਡ ਕੇ ਸਰਕਾਰ ਦੇ ਖਿਲਾਫ ਨਿੱਤਰ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਮਾਸਕ ਸਰਕਾਰ ਵੱਲੋਂ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ, ਉਹ ਬਹੁਤ ਹੀ ਘਟੀਆ ਕੁਆਲਿਟੀ ਦੇ ਹਨ ਅਤੇ ਉਨ੍ਹਾਂ 'ਚ ਸਿਲਾਈਆਂ ਹਨ, ਜਿਨ੍ਹਾਂ ਰਾਹੀਂ ਕਿਸੇ ਵੀ ਤਰ੍ਹਾਂ ਦਾ ਵਾਇਰਸ ਉਸ 'ਚ ਆਸਾਨੀ ਨਾਲ ਆ ਸਕਦਾ ਹੈ।
ਡਾਕਟਰਾਂ ਨੇ ਕਿਹਾ ਕਿ ਉਹ ਦਿਨ-ਰਾਤ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਕਰ ਰਹੀ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ। ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਮਾਸਕ ਉਨ੍ਹਾਂ ਤੱਕ ਕਿਵੇਂ ਪਹੁੰਚਦੇ ਹਨ ਅਤੇ ਕੌਣ ਸਪਲਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਰਫ ਇਹ ਪਤਾ ਹੈ ਕਿ ਇਹ ਮਾਸਕ ਬਹੁਤ ਘਟੀਆ ਕੁਆਲਿਟੀ ਦੇ ਹਨ। ਡਾਕਟਰਾਂ ਨੇ ਕਿਹਾ ਕਿ ਜੋ ਸਟਾਫ਼ ਉਨ੍ਹਾਂ ਨਾਲ ਕੰਮ ਕਰ ਰਿਹਾ ਹੈ, ਉਹ ਬੇਹੱਦ ਗਰੀਬ ਹੈ ਅਤੇ ਉਸ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ, ਸੋ ਇਕ ਪਾਸੇ ਜਿੱਥੇ ਲਗਾਤਾਰ ਫਰੰਟਲਾਈਨ ਡਾਕਟਰ ਆਪਣੀ ਜਾਨ ਜ਼ੋਖਮ 'ਚ ਪਾ ਕੇ ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜ ਰਹੇ ਹਨ, ਉੱਥੇ ਹੀ ਸਰਕਾਰਾਂ ਵੱਲੋਂ ਅਤੇ ਸਿਹਤ ਮਹਿਕਮੇ ਵੱਲੋਂ ਅਜਿਹੇ ਘਪਲੇ ਉਜਾਗਰ ਹੋ ਰਹੇ ਹਨ, ਜੋ ਸਿੱਧੇ ਤੌਰ 'ਤੇ ਡਾਕਟਰਾਂ, ਸਟਾਫ ਅਤੇ ਨਰਸਾਂ ਦੀ ਜਾਨ ਨਾਲ ਖਿਲਵਾੜ ਕਰ ਸਕਦੇ ਹਨ।