DIWALI ਤੋਂ ਪਹਿਲਾਂ ਪੰਜਾਬ ''ਚ ਪੈ ਗਈ RAID! ਜਾਣੋ ਪੂਰਾ ਮਾਮਲਾ
Tuesday, Nov 03, 2026 - 03:17 PM (IST)
ਖੰਨਾ (ਬਿਪਨ): ਖੰਨਾ ਵਿਚ ਦੀਵਾਲੀ ਤੋਂ ਪਹਿਲਾਂ ਨਕਲੀ ਸਾਮਾਨ ਵੇਚਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਸਾਹਮਣੇ ਆਈ ਹੈ। ਸ਼ਹਿਰ ਦੇ ਅਮਲੋਹ ਰੋਡ ਸਥਿਤ ਵੱਡੇ ਕਰੋਕਰੀ ਸ਼ੋਅਰੂਮ ਪੰਜਾਬ ਕਰੋਕਰੀ 'ਤੇ ਸਬੰਧਤ ਕੰਪਨੀ ਦੀ ਟੀਮ ਨੇ ਪੁਲਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ। ਇਸ ਦੌਰਾਨ ਸ਼ੋਅਰੂਮ ਵਿਚੋਂ ਲੱਖਾਂ ਰੁਪਏ ਦਾ ਨਕਲੀ ਸਾਮਾਨ ਬਰਾਮਦ ਕੀਤਾ ਗਿਆ। ਦੋਸ਼ ਹੈ ਕਿ ਸ਼ੋਅਰੂਮ ਵਿਚ ਵਰਸਾਚੇ ਕੰਪਨੀ ਦੇ ਨਾਂ 'ਤੇ ਡੁਪਲੀਕੇਟ ਸਾਮਾਨ ਵੇਚਿਆ ਜਾ ਰਿਹਾ ਸੀ। ਕੰਪਨੀ ਦੀ ਟੀਮ ਦੀ ਇਸ ਕਾਰਵਾਈ ਨਾਲ ਸ਼ੋਅਰੂਮ ਵਿਚ ਹਫੜਾ-ਦਫੜੀ ਮਚ ਗਈ।
ਜਾਣਕਾਰੀ ਅਨੁਸਾਰ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਬਾਜ਼ਾਰਾਂ ਵਿਚ ਕਰੋਕਰੀ ਅਤੇ ਘਰੇਲੂ ਵਰਤੋਂ ਵਾਲੇ ਸਾਮਾਨ ਦੀ ਵਿਕਰੀ ਕਾਫ਼ੀ ਵਧ ਜਾਂਦੀ ਹੈ। ਇਸੇ ਦਾ ਫਾਇਦਾ ਚੁੱਕ ਕੇ ਕੁਝ ਸ਼ੋਅਰੂਮ ਮਾਲਕ ਅਤੇ ਦੁਕਾਨਦਾਰ ਨਾਮੀ ਵਿਦੇਸ਼ੀ ਕੰਪਨੀਆਂ ਦੇ ਬ੍ਰਾਂਡਾਂ ਦੇ ਨਾਂ 'ਤੇ ਨਕਲੀ ਸਾਮਾਨ ਵੇਚ ਕੇ ਗਾਹਕਾਂ ਨੂੰ ਗੁੰਮਰਾਹ ਕਰ ਰਹੇ ਹਨ। ਵਰਸਾਚੇ ਕੰਪਨੀ ਦੇ ਅਧਿਕਾਰੀ ਰਾਜਿੰਦਰ ਆਪਣੀ ਟੀਮ ਨਾਲ ਮੋਰਿੰਡਾ ਤੋਂ ਖੰਨਾ ਪਹੁੰਚੇ ਸਨ। ਉਨ੍ਹਾਂ ਦੇ ਨਾਲ ਕੰਪਨੀ ਦੇ ਲੀਗਲ ਅਧਿਕਾਰੀ ਵੀ ਮੌਜੂਦ ਸਨ।
ਕੰਪਨੀ ਨੂੰ ਸ਼ਿਕਾਇਤ ਮਿਲੀ ਸੀ ਕਿ ਖੰਨਾ ਦੇ ਪੰਜਾਬ ਕਰੋਕਰੀ ਸ਼ੋਅਰੂਮ ਵਿਚ ਵਰਸਾਚੇ ਬ੍ਰਾਂਡ ਨਾਲ ਮਿਲਦਾ-ਜੁਲਦਾ ਡੁਪਲੀਕੇਟ ਸਾਮਾਨ ਵੇਚਿਆ ਜਾ ਰਿਹਾ ਹੈ। ਇਸ ਤੋਂ ਬਾਅਦ ਕੰਪਨੀ ਦੀ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਪੁਲਿਸ ਨੂੰ ਨਾਲ ਲੈ ਕੇ ਸ਼ੋਅਰੂਮ 'ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਟੀਮ ਨੇ ਸ਼ੋਅਰੂਮ ਵਿਚ ਰੱਖੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਵਿਦੇਸ਼ੀ ਕੰਪਨੀ ਦੇ ਨਾਂ ਅਤੇ ਬ੍ਰਾਂਡ ਨਾਲ ਸਬੰਧਤ ਲੱਖਾਂ ਰੁਪਏ ਦਾ ਨਕਲੀ ਸਾਮਾਨ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਸਾਮਾਨ ਗਾਹਕਾਂ ਨੂੰ ਅਸਲੀ ਬ੍ਰਾਂਡ ਦਾ ਦੱਸ ਕੇ ਵੇਚਿਆ ਜਾ ਰਿਹਾ ਸੀ।
ਕੰਪਨੀ ਦੇ ਲੀਗਲ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਕਰੋਕਰੀ ਵਿਚ ਵਰਸਾਚੇ ਕੰਪਨੀ ਦੇ ਨਾਂ 'ਤੇ ਨਕਲੀ ਸਾਮਾਨ ਵੇਚਿਆ ਜਾ ਰਿਹਾ ਹੈ। ਇਸ ਵਿਚ ਡਿਨਰ ਸੈੱਟ, ਗਲਾਸ ਅਤੇ ਪਲੇਟਾਂ ਸ਼ਾਮਲ ਸਨ। ਇਨ੍ਹਾਂ ਦੀ ਅਸਲ ਕੀਮਤ ਲੱਖਾਂ ਰੁਪਏ ਹੈ, ਜਦਕਿ ਇਨ੍ਹਾਂ ਨੂੰ ਢਾਈ ਤੋਂ ਤਿੰਨ ਹਜ਼ਾਰ ਰੁਪਏ ਵਿਚ ਵੇਚਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹੁਣ ਕਾਪੀਰਾਈਟ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਦੂਜੇ ਪਾਸੇ ਮੌਕੇ 'ਤੇ ਮੌਜੂਦ ਸਿਟੀ ਥਾਣਾ-2 ਦੇ ਏ.ਐੱਸ.ਆਈ. ਹਰਨੇक ਸਿੰਘ ਨੇ ਕਿਹਾ ਕਿ ਉਹ ਕੰਪਨੀ ਦੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
