ਸਰਕਾਰੀ ਹਸਪਤਾਲਾਂ ’ਚ ਹੁਣ ਨਹੀਂ ਚੱਲੇਗੀ ਮਨਮਰਜ਼ੀ! ਸਿਵਲ ਸਰਜਨ ਡਾ. ਭਾਰਤੀ ਧਵਨ ਨੇ ਕੱਸਿਆ ਸ਼ਿਕੰਜਾ
Sunday, Oct 25, 2026 - 05:09 PM (IST)
ਅੰਮ੍ਰਿਤਸਰ (ਦਲਜੀਤ)-ਸਰਕਾਰੀ ਸਿਹਤ ਸੰਸਥਾਵਾਂ ’ਚ ਮਰੀਜ਼ਾਂ ਨੂੰ ਮਿਆਰੀ ਅਤੇ ਨਿਰਵਿਘਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਵਲ ਸਰਜਨ ਅੰਮ੍ਰਿਤਸਰ ਡਾ. ਭਾਰਤੀ ਧਵਨ ਨੇ ਸਖ਼ਤੀ ਦਿਖਾਉਂਦਿਆਂ ਸ਼ਨੀਵਾਰ ਨੂੰ ਸਿਹਤ ਸੰਸਥਾਵਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਉਪ-ਮੰਡਲੀ ਹਸਪਤਾਲ ਅਜਨਾਲਾ ਤੋਂ ਇਲਾਵਾ ਢਾਬ ਖਟੀਕਾਂ ਅਤੇ ਭਗਤਾਂਵਾਲਾ ਸਥਿਤ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰਾਂ ’ਚ ਸਿਹਤ ਸੇਵਾਵਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਟਾਫ਼ ਨੂੰ ਡਿਊਟੀ ਸਮੇਂ ਦੀ ਸਖ਼ਤੀ ਨਾਲ ਪਾਲਣਾ ਕਰਨ, ਸਫ਼ਾਈ ਦੇ ਮਿਆਰ ਬਰਕਰਾਰ ਰੱਖਣ ਅਤੇ ਮਰੀਜ਼ਾਂ ਨੂੰ ਸਰਕਾਰੀ ਸਹੂਲਤਾਂ ਸਮੇਂ ਸਿਰ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ।
ਇਹ ਵੀ ਪੜ੍ਹੋ-ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫੈਸਲਾ, ਸੂਬੇ ਦੇ ਕੈਮਿਸਟਾਂ ਲਈ ਨਵੇਂ ਫਰਮਾਨ ਜਾਰੀ, ਅੱਜ ਤੋਂ ਬਦਲੇ ਨਿਯਮ
ਨਿਰੀਖਣ ਦੌਰਾਨ ਡਾ. ਭਾਰਤੀ ਧਵਨ ਨੇ ਹਸਪਤਾਲਾਂ ’ਚ ਦਵਾਈਆਂ ਦੇ ਸਟਾਕ ਅਤੇ ਉਪਲਬਧਤਾ ਦੀ ਜਾਂਚ ਕਰਨ ਦੇ ਨਾਲ-ਨਾਲ ਓ. ਪੀ. ਡੀ. ਸੇਵਾਵਾਂ, ਵਾਰਡਾਂ, ਐਕਸ-ਰੇ ਸਹੂਲਤਾਂ, ਲੇਬਰ ਰੂਮ, ਬਲੱਡ ਬੈਂਕ, ਪ੍ਰਯੋਗਸ਼ਾਲਾ ਸੇਵਾਵਾਂ, ਮਾਤਾ ਤੇ ਬੱਚਾ ਸਿਹਤ ਵਿਭਾਗ, ਗੈਰ-ਸੰਚਾਰੀ ਬੀਮਾਰੀਆਂ ਸਬੰਧੀ ਕਮਰੇ ਅਤੇ ਆਪ੍ਰੇਸ਼ਨ ਥੀਏਟਰ ਦਾ ਵੀ ਬਾਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਤੋਂ ਸਿਹਤ ਸੇਵਾਵਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪ੍ਰਬੰਧਾਂ ’ਚ ਲੋੜੀਂਦੇ ਸੁਧਾਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।
ਇਹ ਵੀ ਪੜ੍ਹੋ- ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਦੁਨੀਆ ਭਰ 'ਚ ਹੋਵੇਗੀ ਅਰਦਾਸ ! ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਦੇਸ਼ ਜਾਰੀ
ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕਰਕੇ ਲਈ ਫ਼ੀਡਬੈਕ
ਨਿਰੀਖਣ ਦੌਰਾਨ ਸਿਵਲ ਸਰਜਨ ਨੇ ਹਸਪਤਾਲਾਂ ’ਚ ਇਲਾਜ ਕਰਵਾਉਣ ਆਏ ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਮਰੀਜ਼ਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਮੁਫ਼ਤ ਦਵਾਈਆਂ, ਪ੍ਰਯੋਗਸ਼ਾਲਾ ਜਾਂਚਾਂ ਅਤੇ ਐਕਸ-ਰੇ ਦੀਆਂ ਸਹੂਲਤਾਂ ਸਮੇਂ ਸਿਰ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮਿਲ ਰਹੀਆਂ ਹਨ। ਡਾ. ਧਵਨ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ’ਚ ਇਲਾਜ ਲਈ ਆਉਣ ਵਾਲੇ ਹਰ ਯੋਗ ਮਰੀਜ਼ ਨੂੰ ਸਰਕਾਰ ਵੱਲੋਂ ਨਿਰਧਾਰਤ ਸਿਹਤ ਸਹੂਲਤਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਕਿਸੇ ਵੀ ਮਰੀਜ਼ ਨੂੰ ਬੇਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਗੰਭੀਰਤਾ ਨਾਲ ਨਿਭਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੋਹਣੇ ਫੁੱਲਾਂ ਨਾਲ ਸੱਜਿਆ Amritsar Airport, ਬਣਿਆ ਖਿੱਚ ਦਾ ਕੇਂਦਰ
ਸਟਾਫ਼ ਦੀ ਹਾਜ਼ਰੀ ਤੋਂ ਆਭਾ ਆਈ. ਡੀ. ਤੱਕ ਰਿਕਾਰਡ ਦੀ ਜਾਂਚ
ਸਿਵਲ ਸਰਜਨ ਨੇ ਸਟਾਫ਼ ਦੀ ਹਾਜ਼ਰੀ, ਆਭਾ ਆਈ. ਡੀ., ਐੱਮ. ਐੱਮ. ਐੱਸ. ਵਾਈ. ਅਤੇ ਹੋਰ ਸਿਹਤ ਸੇਵਾਵਾਂ ਨਾਲ ਸਬੰਧਤ ਰਿਕਾਰਡਾਂ ਦੀ ਵੀ ਜਾਂਚ ਕੀਤੀ। ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸਿਹਤ ਸੰਸਥਾਵਾਂ ’ਚ ਪ੍ਰਬੰਧ ਸਿਰਫ਼ ਕਾਗਜ਼ਾਂ ਤੱਕ ਸੀਮਤ ਨਾ ਰਹਿਣ, ਸਗੋਂ ਉਨ੍ਹਾਂ ਦਾ ਅਸਲ ਲਾਭ ਮਰੀਜ਼ਾਂ ਤੱਕ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ’ਚ ਲੋੜੀਂਦੀਆਂ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ ਅਤੇ ਦਵਾਈਆਂ ਦੇ ਸਟਾਕ ਦੀ ਨਿਯਮਤ ਜਾਂਚ ਕੀਤੀ ਜਾਵੇ।
ਇਹ ਵੀ ਪੜ੍ਹੋ-ਕਲਾਨੌਰ ਦੇ ਸਰਹੱਦੀ ਪਿੰਡ 'ਚ ਕਿਸਾਨ ’ਤੇ ਚੱਲੀਆਂ ਗੋਲੀਆਂ
ਡਿਊਟੀ ਤੋਂ ਗੈਰ-ਹਾਜ਼ਰੀ ਤੇ ਲਾਪ੍ਰਵਾਹੀ ਬਰਦਾਸ਼ਤ ਨਹੀਂ : ਡਾ. ਧਵਨ
ਡਾ. ਭਾਰਤੀ ਧਵਨ ਨੇ ਸਟਾਫ਼ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਡਿਊਟੀ ਸਮੇਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਸਿਹਤ ਸੰਸਥਾਵਾਂ ’ਚ ਸੇਵਾ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨਾਲ ਜੁੜੀ ਹਰ ਜ਼ਿੰਮੇਵਾਰੀ ਨੂੰ ਸਮਰਪਣ, ਈਮਾਨਦਾਰੀ ਅਤੇ ਜਨਸੇਵਾ ਦੀ ਭਾਵਨਾ ਨਾਲ ਨਿਭਾਉਣਾ ਲਾਜ਼ਮੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਾਰੇ ਸਿਹਤ ਸੰਸਥਾਨ ਮਰੀਜ਼-ਕੇਂਦਰਿਤ ਢੰਗ ਨਾਲ ਕੰਮ ਕਰਨ ਅਤੇ ਸਰਕਾਰੀ ਸਿਹਤ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚਾਇਆ ਜਾਵੇ। ਨਿਰੀਖਣ ਦੌਰਾਨ ਜ਼ਿਲਾ ਐੱਮ. ਈ. ਆਈ. ਓ. ਅਮਰਦੀਪ ਸਿੰਘ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
