ਲੁਧਿਆਣਾ ਦੇ ਪੁਲਸ ਕੁਆਰਟਰਾਂ ’ਚ ਕਾਲਜ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

Friday, Oct 23, 2026 - 03:20 PM (IST)

ਲੁਧਿਆਣਾ ਦੇ ਪੁਲਸ ਕੁਆਰਟਰਾਂ ’ਚ ਕਾਲਜ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਲੁਧਿਆਣਾ (ਰਾਜ)- ਸਿਵਲ ਲਾਈਨ ਸਥਿਤ ਪੁਲਸ ਲਾਈਨ ਕੁਆਰਟਰਾਂ ਦੀ ਤੀਜੀ ਮੰਜ਼ਿਲ ’ਤੇ ਵੀਰਵਾਰ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸਰਕਾਰੀ ਕਾਲਜ ਫਾਰ ਗਰਲਜ਼ ਦੀ 20 ਸਾਲਾ ਹੋਣਹਾਰ ਵਿਦਿਆਰਥਣ ਮੁਸਕਾਨ ਕਪੂਰ ਦੀ ਲਾਸ਼ ਕਮਰੇ ਵਿਚ ਪੱਖੇ ਨਾਲ ਲਟਕਦੀ ਮਿਲੀ। ਮ੍ਰਿਤਕਾ ਦੇ ਪਿਤਾ ਕਿਸ਼ੋਰੀ ਲਾਲ, ਜੋ ਕਿ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਪੁਲਸ ਲਾਈਨ ਲੁਧਿਆਣਾ ਵਿਚ ਦਰਜਾ ਚਾਰ ਮੁਲਾਜ਼ਮ ਵਜੋਂ ਸੇਵਾਵਾਂ ਦੇ ਰਹੇ ਹਨ।

ਜਾਣਕਾਰੀ ਅਨੁਸਾਰ ਮੁਸਕਾਨ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ ਅਤੇ ਘਰ ’ਚ ਹੀ ਆਰਾਮ ਕਰ ਰਹੀ ਸੀ। ਵੀਰਵਾਰ ਦੁਪਹਿਰ ਜਦੋਂ ਉਸ ਦੀ ਮਾਂ ਨੇ ਘਰੇਲੂ ਕੰਮ ਲਈ ਉਸ ਦੇ ਮੋਬਾਈਲ ’ਤੇ ਕਈ ਵਾਰ ਕਾਲ ਕੀਤੀ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਅਣਹੋਣੀ ਦੇ ਸ਼ੱਕ ’ਚ ਮਾਂ ਨੇ ਡਿਊਟੀ ’ਤੇ ਮੌਜੂਦ ਪਤੀ ਨੂੰ ਫੋਨ ਕਰ ਕੇ ਕੁਆਰਟਰ ਭੇਜਿਆ।

ਜਦੋਂ ਕਿਸ਼ੋਰੀ ਲਾਲ ਕੁਆਰਟਰ ’ਚ ਪਹੁੰਚੇ ਤਾਂ ਦਰਵਾਜ਼ਾ ਖੋਲ੍ਹਦਿਆਂ ਹੀ ਅੰਦਰ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਮੁਸਕਾਨ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਸ਼ੋਰ ਸੁਣ ਕੇ ਆਸ-ਪਾਸ ਦੇ ਪੁਲਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਹੇਠਾਂ ਉਤਾਰਿਆ ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਮੌਕੇ ’ਤੇ ਪਹੁੰਚੀ। ਹਾਲਾਂਕਿ ਪਰਿਵਾਰ ਨੇ ਇਸ ਨੂੰ ਆਪਣਾ ਨਿੱਜੀ ਦੁੱਖ ਦੱਸਦਿਆਂ ਕਿਹਾ ਕਿ ਬੇਟੀ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਜਾਂ ਤਣਾਅ ਨਹੀਂ ਸੀ। ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਪੁਲਸ ਜਾਂਚ ਜਾਂ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ।


author

Anmol Tagra

Content Editor

Related News