ਡਾਕਟਰਾਂ ਨੇ ਆਪਰੇਸ਼ਨ ਦੌਰਾਨ ਪੇਟ ਅੰਦਰ ਛੱਡਿਆ ਕੱਪੜਾ, ਬੈਂਸ ਨੇ ਲਾਈਵ ਹੋ ਕੇ ਕੀਤਾ ਖੁਲਾਸਾ

09/04/2019 1:49:44 AM

ਲੁਧਿਆਣਾ,(ਪਾਲੀ): ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜਿੱਥੇ ਪੂਰੇ ਪੰਜਾਬ 'ਚ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਲਈ ਕੋਈ ਕਸਰ ਨਹੀਂ ਛੱਡੀ, ਉਥੇ ਅੱਜ ਸ਼ਹਿਰ ਦੇ ਈ. ਐੱਸ. ਆਈ. ਹਸਪਤਾਲ ਵਿਖੇ ਡਾਕਟਰਾਂ ਵੱਲੋਂ ਵਰਤੀ ਗਈ ਲਾਪ੍ਰਵਾਹੀ ਨੂੰ ਵੇਖਦੇ ਹੋਏ ਸਟਿੰਗ ਆਪ੍ਰੇਸ਼ਨ ਰਾਹੀਂ ਲਾਈਵ ਹੋ ਕੇ ਇਕ ਔਰਤ ਨਾਲ ਡਾਕਟਰਾਂ ਵੱਲੋਂ ਕੀਤੀ ਗਈ ਲਾਪ੍ਰਵਾਹੀ ਨੂੰ ਜਗ ਜ਼ਾਹਿਰ ਕੀਤਾ। ਵਿਧਾਇਕ ਬੈਂਸ ਨੇ ਦੱਸਿਆ ਕਿ ਈ. ਐੱਸ. ਆਈ. ਹਸਪਤਾਲ ਦੇ ਡਾਕਟਰ ਨੇ ਇਕ ਮਹੀਨਾ ਪਹਿਲਾਂ ਔਰਤ ਦੀ ਡਲਿਵਰੀ ਦਾ ਆਪ੍ਰੇਸ਼ਨ ਕੀਤਾ ਸੀ, ਜਿਸ ਦੌਰਾਨ ਔਰਤ ਦੇ ਪੇਟ ਅੰਦਰ ਇਕ ਕੱਪੜਾ ਛੱਡ ਦਿੱਤਾ ਗਿਆ ਸੀ। ਇਸ ਕਾਰਣ ਸਵਾ ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਵੀ ਉਸ ਔਰਤ ਦੀ ਦਰਦ ਖਤਮ ਨਹੀਂ ਹੋਈ। ਜਦੋਂ ਔਰਤ ਓ. ਪੀ. ਡੀ. 'ਚ ਆਪਣਾ ਚੈੱਕਅਪ ਕਰਵਾਉਣ ਡਾਕਟਰ ਕੋਲ ਆਈ ਤਾਂ ਉਸ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਜ਼ਿਆਦਾ ਜਲਦੀ ਹੈ ਤਾਂ ਕਿਸੇ ਪ੍ਰਾਈਵੇਟ ਹਸਪਤਾਲ 'ਚ ਚੈੱਕਅਪ ਕਰਵਾ ਲਓ। ਉਨ੍ਹਾਂ ਕਿਹਾ ਕਿ ਸਵਾ ਮੀਟਰ ਦੇ ਕਰੀਬ ਔਰਤ ਦੇ ਅੰਦਰ ਕੱਪੜਾ ਛੱਡ ਕੇ ਉਸ ਦੇ ਟਾਂਕੇ ਲਾਏ ਗਏ ਹਨ। ਜਦੋਂ ਉਸ ਔਰਤ ਨੇ ਪ੍ਰਾਈਵੇਟ ਹਸਪਤਾਲ 'ਚ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਦਰਦ ਦਾ ਕਾਰਣ ਅੰਦਰ ਛੱਡਿਆ ਕੱਪੜਾ ਹੈ, ਜਿਸ ਦੀ ਵੀਡੀਓ ਵੀ ਬਣਾਈ ਗਈ ਹੈ।

ਵਿਧਾਇਕ ਬੈਂਸ ਨੇ ਕਿਹਾ ਕਿ ਈ. ਐੱਸ. ਆਈ. ਹਸਪਤਾਲ 'ਚ ਕੰਪਨੀਆਂ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਵਿਚੋਂ ਕੱਟੇ ਜਾ ਰਹੇ ਪੈਸਿਆਂ ਨਾਲ ਹੀ ਇਲਾਜ ਕੀਤਾ ਜਾਂਦਾ ਹੈ। ਕੋਈ ਮੁਫਤ ਇਲਾਜ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਲੁਧਿਆਣਾ ਇਕ ਹੈਲਥ ਹੱਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਇਥੋਂ ਦੇ ਡਾਕਟਰ ਪ੍ਰਮਾਤਮਾ ਤੋਂ ਨਾ ਡਰਦੇ ਹੋਏ ਮਰੀਜ਼ਾਂ ਨਾਲ ਲੁੱਟ-ਖਸੁੱਟ ਕਰ ਰਹੇ ਹਨ। ਜਿਸ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਅੱਜ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਡਾਕਟਰਾਂ ਵੱਲੋਂ ਕੀਤੀ ਗਈ ਲਾਪ੍ਰਵਾਹੀ ਦੀ ਰਿਪੋਰਟ ਉਹ ਪੰਜਾਬ ਦੇ ਮੁੱਖ ਮੰਤਰੀ, ਸਿਹਤ ਮੰਤਰੀ, ਚੀਫ ਸੈਕਟਰੀ ਤੱਕ ਪਹੁੰਚਾਉਣਗੇ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ।

ਸਰਕਾਰ ਇਹੋ ਜਿਹੇ ਨਾਲਾਇਕ ਡਾਕਟਰਾਂ ਖਿਲਾਫ ਕਰੇ ਸਖਤ ਕਾਰਵਾਈ
ਵਿਧਾਇਕ ਬੈਂਸ ਨੇ ਕਿਹਾ ਕਿ ਲੁਧਿਆਣਾ 'ਚ ਡਾਕਟਰ ਇਲਾਜ ਦੇ ਨਾਂ 'ਤੇ ਲੋਕਾਂ ਨਾਲ ਬਹੁਤ ਵੱਡੀ ਲੁੱਟ-ਖਸੁੱਟ ਕਰ ਰਹੇ ਹਨ। ਇਸ ਨੂੰ ਰੋਕਣ ਲਈ ਸਰਕਾਰ ਨੂੰ ਪੁਖਤਾ ਇੰਤਜ਼ਾਮ ਕਰਨੇ ਪੈਣਗੇ ਤਾਂ ਕਿ ਮਰੀਜ਼ ਨੂੰ ਡਾਕਟਰਾਂ ਦੀ ਨਾਲਾਇਕੀ ਕਾਰਣ ਆਪਣੀ ਜਾਨ ਤੋਂ ਹੱਥ ਨਾ ਧੋਣਾ ਪਵੇ। ਇਸ ਤਰ੍ਹਾਂ ਡਾਕਟਰ ਨੇ ਔਰਤ ਦਾ ਆਪ੍ਰੇਸ਼ਨ ਕਰਨ ਮੌਕੇ ਪੇਟ 'ਚ ਸਵਾ ਮੀਟਰ ਦੇ ਕਰੀਬ ਕੱਪੜਾ ਛੱਡ ਦਿੱਤਾ, ਉਸ ਨਾਲ ਉਸ ਦੀ ਮੌਤ ਵੀ ਹੋ ਸਕਦੀ ਸੀ। ਉਕਤ ਡਾਕਟਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਮਰੀਜ਼ ਨੂੰ ਇਨਸਾਫ ਦਿਵਾਇਆ ਜਾਵੇ।


Related News