ਕਈ ਹਾਦਸਿਆ ਕਾਰਨ ਗਈਆ ਜਾਨਾਂ ਪਰ ਨਹੀਂ ਜਾਗਿਆਂ ਡਰੇਨਜ਼ ਵਿਭਾਗ ਅਤੇ ਸਰਕਾਰ

Tuesday, Jul 04, 2017 - 01:30 PM (IST)


ਘੱਲ ਖੁਰਦ(ਦਲਜੀਤ)—ਘੱਲ ਖੁਰਦ ਤੋਂ ਪਿੰਡ ਸਰਾਂ ਵਾਲੀ ਨੂੰ ਜਾਂਦੀ ਲਿੰਕ ਰੋਡ 'ਤੇ ਪੈਂਦੀ ਫਿੱਡਾ ਡਰੇਨਜ਼ 'ਤੇ ਬਣਿਆ ਘੋਨਾ ਪੁਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਕਿਉਂਕਿ ਇਸ ਪੁਲ 'ਤੇ ਸਾਈਡਾਂ 'ਤੇ ਲੱਗੀਆਂ ਐਂਗਲਾਂ ਪਿਛਲੇ ਲੰਮੇਂ ਸਮੇਂ ਤੋਂ ਗਾਇਬ ਹਨ। ਇਸ ਘੋਨੇ ਪੁਲ ਦੇ ਕਾਰਨ ਅਨੇਕਾਂ ਵਾਰ ਹਾਦਸੇ ਵਾਪਰ ਚੁੱਕੇ ਹਨ ਅਤੇ ਅਨੇਕਾਂ ਮਨੁੱਖੀ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਪੁਲ 'ਤੇ ਐਂਗਲਾਂ ਨਾ ਲੱਗੀਆਂ ਹੋਣ ਕਾਰਨ ਇੱਥੋਂ ਗੁਜ਼ਰਨ ਵਾਲੇ ਹਰ ਵਿਅਕਤੀ 'ਤੇ ਮੌਤ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। 
ਜਾਣਕਾਰੀ ਅਨੁਸਾਰ ਪਿੰਡ ਘੱਲ ਖੁਰਦ ਵਿਖੇ ਬਲਾਕ ਸੰਮਤੀ ਦਫਤਰ, ਥਾਣਾ, ਸਰਕਾਰੀ ਅਦਾਰੇ ਸਰਕਾਰੀ ਸਕੂਲ ਸਥਿਤ ਹਨ, ਜਿਸ ਕਾਰਨ ਪਿੰਡਾਂ ਦੇ ਲੋਕ ਆਪਣੇ ਕੰਮ ਕਾਜ ਲਈ ਅਤੇ ਸਕੂਲਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਦਾ ਕਾਫੀ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਪਿੰਡ ਘੱਲ ਖੁਰਦ ਲਿੰਕ ਰੋਡ ਜੋ ਪਿੰਡ ਸਰਾਂਵਾਲੀ, ਸ਼ਹਿਜਾਦੀ, ਸ਼ਕੂਰ, ਖਵਾਜ਼ਾ ਖੜਕ, ਕੈਲਾਸ਼, ਭਾਗਥਲਾ ਆਦਿ ਪਿੰਡਾਂ ਰਾਹੀਂ ਜ਼ਿਲਾ ਫਰੀਦਕੋਟ ਨਾਲ ਜੋੜਦੀ ਹੈ ਤੇ ਇਸ ਲਿੰਕ ਰੋਡ 'ਤੇ ਪੈਂਦੇ ਫਿੱਡਾ ਡਰੇਨ ਦਾ ਪੁਲ ਐਂਗਲਾਂ ਤੋਂ ਵਾਂਝਾ ਹੋਣ ਕਾਰਨ ਇੱਥੋਂ ਲੰਘਣ ਵਾਲੇ ਹਰ ਵਿਅਕਤੀ ਨੂੰ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਗੁਜ਼ਰਨਾ ਪੈਂਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਫਿੱਡੇ ਡਰੇਨਜ਼ 'ਤੇ ਬਣੇ ਇਸ ਘੋਨੇ ਪੁਲ ਤੋਂ ਲੰਘਣ ਵਾਲੇ ਲੋਕਾਂ ਨੂੰ ਆ ਰਹੀ ਇਸ ਸਮੱਸਿਆ ਅਤੇ ਇਸ ਪੁਲ 'ਤੇ ਵਾਪਰੇ ਅਨੇਕਾਂ ਹਾਦਸਿਆਂ ਸਬੰਧੀ ਡਰੇਨਜ਼ ਵਿਭਾਗ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਲਿਖਤੀ ਰੂਪ 'ਚ ਵਾਰ-ਵਾਰ ਜਾਣੂ ਕਰਵਾ ਚੁੱਕੇ ਹਾਂ ਪਰ ਕਿਸੇ ਵੀ ਅਧਿਕਾਰੀ ਦੇ ਕੰਨ 'ਤੇ ਅਜੇ ਤੱਕ ਕੋਈ ਜੂੰ ਨਹੀਂ ਸਰਕੀ। ਲੋਕਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਇਸ ਘੋਨੇ ਪੁਲ 'ਤੇ ਐਂਗਲਾਂ ਲਾ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।


Related News