ਨਹਿਰ ''ਚੋਂ ਵੱਡੇ ਪੱਧਰ ’ਤੇ ਹੋ ਰਹੀ ਰੇਤ ਦੀ ਚੋਰੀ, ਮਾਈਨਿੰਗ ਵਿਭਾਗ ਨੇ ਦੋ ਟਰਾਲੀਆਂ ਕੀਤੀਆਂ ਜ਼ਬਤ

Monday, Oct 28, 2024 - 05:25 PM (IST)

ਨਹਿਰ ''ਚੋਂ ਵੱਡੇ ਪੱਧਰ ’ਤੇ ਹੋ ਰਹੀ ਰੇਤ ਦੀ ਚੋਰੀ, ਮਾਈਨਿੰਗ ਵਿਭਾਗ ਨੇ ਦੋ ਟਰਾਲੀਆਂ ਕੀਤੀਆਂ ਜ਼ਬਤ

ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ ਦੇ ਗਾਜੀਕੋਟ ਤੇ ਤਿੱਬੜੀ ਇਲਾਕਿਆਂ ਤੋਂ ਹੋ ਕੇ ਗੁਜ਼ਰਦੀ ਅੱਪਰ ਬਾਰੀ ਦੁਆਬ ਨਹਿਰ ਵਿੱਚੋਂ ਰੇਤ ਦੀ ਵੱਡੇ ਪੱਧਰ ਤੇ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਨਹਿਰ ਦੇ ਆਲੇ ਦੁਆਲੇ ਰਹਿਣ ਵਾਲਿਆਂ ਨੇ ਦੱਸਿਆ ਕਿ ਦੇਰ ਰਾਤ ਨਹਿਰ ਵੱਲੋਂ ਕਾਫੀ ਗਿਣਤੀ ਵਿੱਚ ਰੇਤ ਨਾਲ ਭਰੀਆ ਟਰਾਲੀਆਂ ਆਉਂਦੀਆਂ ਹਨ ਅਤੇ ਸ਼ਹਿਰ ਵੱਲ ਨੂੰ ਜਾਂਦੀਆਂ ਹਨ, ਪਰ ਮਾਈਨਿੰਗ ਵਿਭਾਗ ਦੇ ਅਧਿਕਾਰੀ ਕਹਿੰਦੇ ਹਨ ਕਿ ਨਹਿਰ ਵਿਭਾਗ ਵੱਲੋਂ ਇਸ ਦੀ ਹਜੇ ਤੱਕ ਕੋਈ ਸ਼ਿਕਾਇਤ ਉਹਨਾਂ ਨੂੰ ਨਹੀਂ ਕੀਤੀ ਗਈ ਹੈ ਕਿਉਂਕਿ ਨਹਿਰ ਵਿਭਾਗ ਦੀ ਜਾਇਦਾਦ ਹੋਣ ਕਾਰਨ ਜ਼ਿੰਮੇਵਾਰੀ ਨਹਿਰ ਵਿਭਾਗ ਦੀ ਬਣਦੀ ਹੈ ,ਪਰ ਮਾਈਨਿੰਗ ਵਿਭਾਗ ਵੱਲੋਂ ਰੇਤ ਚੋਰੀ ਦੀਆਂ ਸੂਚਨਾਵਾਂ ਮਿਲਣ 'ਤੇ ਆਪਣੇ ਤੌਰ 'ਤੇ ਲਗਾਤਾਰ ਰੇਡ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਜਿੱਤ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵਿਰੋਧੀਆਂ 'ਤੇ ਵੱਡਾ ਬਿਆਨ

ਬੀਤੀ ਦੇਰ ਰਾਤ ਨਹਿਰ ਵਿੱਚੋਂ ਰੇਤ ਕੱਢੇ ਜਾਣ ਦੀ ਸੂਚਨਾ ਮਿਲਣ ਤੇ ਪਿੰਡ ਜਵਾਲਾਪੁਰ ਨੇੜੇ ਛਾਪੇਮਾਰੀ ਵੀ ਕੀਤੀ ਗਈ ਸੀ, ਪਰ ਮਾਈਨਿੰਗ ਕਰਨ ਵਾਲੇ ਦੌੜ ਗਏ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਹੱਥ ਖਾਲੀ ਟੋਕਰੀਆਂ ਤੇ ਕੁਝ ਕਹੀਆਂ ਹੀ ਲੱਗੀਆਂ ਸੀ ,ਪਰ ਬੀਤੀ ਰਾਤ ਫਿਰ ਤੋਂ ਗਾਜ਼ੀਕੋਟ ਅਤੇ ਤਿੱਬੜੀ ਰੇਡ ਕੀਤੀ ਗਈ ਤਾਂ ਤਿੰਨ ਟਰਾਲੀਆਂ ਵਿਭਾਗ ਦੇ ਹੱਥ ਲੱਗ ਗਈਆਂ।ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਡ ਗਾਜੀਕੋਟ, ਜਵਾਲਾਪੁਰ ,ਤਿੱਬੜੀ ਅਤੇ ਨਹਿਰ ਕਿਨਾਰੇ ਵਸੇ ਹੋਰ ਪਿੰਡਾਂ ਦੇ ਨੇੜਿਓਂ ਨਹਿਰ ਵਿੱਚੋਂ ਰਾਤ ਨੂੰ ਵੱਡੀ ਮਾਤਰਾ ਵਿੱਚ ਰੇਤ ਕੱਢੀ ਜਾਂਦੀ ਹੈ। ਹਨੇਰੇ ਦਾ ਫਾਇਦਾ ਚੁੱਕ ਕੇ ਰੇਤ ਮਾਈਨਿੰਗ ਮਾਫੀਆ ਆਪਣੇ ਆਦਮੀ ਲਗਾ ਕੇ ਕਹੀਆਂ ਨਾਲ ਟੋਕਰੀਆਂ ਵਿੱਚ ਭਰ ਭਰ ਕੇ ਰੇਤ ਚੋਰੀ ਕਰਵਾਉਂਦਾ ਹੈ । ਬਾਅਦ ਵਿੱਚ ਟਰਾਲੀਆਂ ਵਿੱਚ ਰੇਤ ਭਰ ਕੇ ਉਥੋਂ ਕਿਸੇ ਦੂਸਰੇ ਸਥਾਨ ਤੇ ਭੇਜੀ ਜਾਂਦੀ ਹੈ ।

ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਪ੍ਰਧਾਨ

ਇਸ ਵੇਲੇ ਨਹਿਰ ਵਿੱਚੋਂ ਪਾਣੀ ਰੋਕਿਆ ਗਿਆ ਹੈ ਅਤੇ ਮਾਈਨਿੰਗ ਮਾਫੀਆ ਇਸੇ ਤਾਕ ਵਿੱਚ ਰਹਿੰਦਾ ਹੈ। ਪਾਣੀ ਰੋਕੇ ਜਾਣ ਤੋਂ ਕੁਝ ਦਿਨ ਬਾਅਦ ਜਦੋਂ ਪਾਣੀ ਬਿਲਕੁਲ ਸੁੱਕ ਜਾਂਦਾ ਹੈ ਤਾਂ ਇਹ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਵੱਡੇ ਪੱਧਰ 'ਤੇ ਰੇਤ ਦੀ ਚੋਰੀ ਕਰਕੇ ਲੱਖਾਂ ਰੁਪਏ ਕਮਾਉਂਦੇ ਹਨ। ਪਹਿਲਾਂ ਬਹਾਵ ਸਹੀ ਰੱਖਣ ਲਈ ਨਹਿਰ ਵਿਭਾਗ ਵਲੋਂ ਨਹਿਰਾਂ ਵਿੱਚੋਂ ਰੇਤ ਕੱਢਣ ਦੇ ਠੇਕੇ ਦਿੱਤੇ ਜਾਂਦੇ ਸੀ ,ਪਰ ਨਹਿਰਾਂ ਵਿੱਚੋਂ ਰੇਤ ਚੋਰੀ ਕੀਤੇ ਜਾਣ ਕਾਰਨ ਨਹਿਰ ਦੀ ਡੁੰਘਾਈ ਵੱਧ ਜਾਂਦੀ ਹੈ ਅਤੇ ਪਾਣੀ ਦੇ ਬਹਾਵ 'ਤੇ ਅਸਰ ਪੈਂਦਾ ਹੈ।

ਨਤੀਜਾ ਇਹ ਹੁੰਦਾ ਹੈ ਕਿ ਨਹਿਰ ਦੇ ਕਿਨਾਰੇ ਭੁਰਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਮਾਨਯੋਗ ਉੱਚ ਅਦਾਲਤ ਵੱਲੋਂ ਨਹਿਰਾਂ ਵਿੱਚੋਂ ਰੇਤ ਪੁੱਟਣ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਹੋਈ ਹੈ। ਜਦੋਂ ਤਿੱਬੜੀ ਨਹਿਰ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੇਰ ਰਾਤ ਰੇਤ ਨਾਲ ਭਰੀਆਂ ਟਰਾਲੀਆਂ ਹਰ ਰੋਜ਼ ਨਹਿਰ ਵੱਲੋਂ ਆਉਂਦੀਆਂ ਹਨ। ਸੂਚਨਾ ਮਿਲਣ 'ਤੇ ਜਦੋਂ ਨਹਿਰ ਦਾ ਦੌਰਾ ਕੀਤਾ ਗਿਆ ਤਾਂ ਨਹਿਰ ਵਿੱਚ ਚਾਰ-ਚਾਰ ਫੁੱਟ ਤੱਕ ਡੂੰਘੇ ਟੋਏ ਕੱਢੇ ਦੇਖੇ ਗਏ ਅਤੇ ਕਿਨਾਰਿਆਂ 'ਤੇ ਕਈ ਜਗ੍ਹਾ ਨਹਿਰ 'ਚ ਆਉਣ ਜਾਣ ਲਈ ਰਸਤੇ ਵੀ ਮਾਈਨਿੰਗ ਕਰਨ ਵਾਲਿਆਂ ਵੱਲੋਂ ਬਣਾਏ ਗਏ ਸਨ ਜਿਸ ਤੋਂ ਸਾਫ ਹੈ ਕਿ ਵੱਡੇ ਪੱਧਰ ਤੇ ਰੇਤ ਨਹਿਰ ਵਿੱਚੋ ਚੋਰੀ ਕੀਤੀ ਜਾ ਰਹੀ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਹ ਸੂਚਨਾ ਮਿਲੀ ਸੀ । ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇੱਕ ਰਾਤ ਪਿੰਡ ਜਵਾਲਾਪੁਰ ਨੇੜੇ ਰੇਡ ਵੀ ਕੀਤੀ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?

ਮਾਈਨਿੰਗ ਵਿਭਾਗ ਦੇ ਐਕਸੀਐਨ ਦਿਲਪ੍ਰੀਤ ਸਿੰਘ ਦੱਸਦੇ ਹਨ ਕਿ ਮਾਈਨਿੰਗ ਵਿਭਾਗ ਦੀ ਟੀਮ ਜਦੋਂ ਨਹਿਰ ਵਿੱਚ ਵੜੀ ਤਾਂ ਕੁਝ ਲੋਕ ਕਹੀਆਂ ਨਾਲ ਨਹਿਰ ਵਿੱਚੋਂ ਰੇਤ ਪੁੱਟ ਕੇ ਟੋਕਰੀਆਂ ਵਿੱਚ ਭਰ ਰਹੇ ਸਨ, ਪਰ ਹਨੇਰਾ ਹੋਣ ਕਾਰਨ ਉਹ ਦੋੜਨ ਵਿੱਚ ਕਾਮਯਾਬ ਹੋ ਗਏ। ਮੌਕੇ ਤੋਂ ਕੁੱਝ ਟੋਕਰੀਆਂ ਅਤੇ ਕਹੀਆਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਬੀਤੀ ਰਾਤ ਫਿਰ ਤੋਂ ਵਿਉਂਤਬੰਦੀ ਕਰਕੇ ਮਾਈਨਿੰਗ ਦੀਆਂ ਟੀਮਾਂ ਨੇ ਗਾਜ਼ੀਕੋਟ ਅਤੇ ਤਿੱਬੜੀ ਰੇਡ ਕੀਤੀ ਅਤੇ ਰੇਤ ਨਾਲ ਭਰੀਆਂ ਹੋਈਆਂ ਦੋ ਟਰਾਲੀਆਂ ਗਾਜ਼ੀਕੋਟ ਤੋਂ ਫੜ ਕੇ ਥਾਣਾ ਪੁਰਾਨਾ ਸ਼ਾਲਾ ਦੀ ਪੁਲਸ ਦੇ ਹਵਾਲੇ ਕੀਤੀਆਂ ਗਈਆਂ ,ਜਦਕਿ ਇੱਕ ਹੋਰ ਟਰਾਲੀ ਸ਼ੱਕੀ ਹਾਲਤ ਵਿੱਚ ਤਿੱਬੜੀ ਨਹਿਰ ਤੋਂ ਫੜ ਕਿਸ ਸੰਬੰਧਤ ਥਾਣਾ ਤਿੱਬੜ ਦੀ ਪੁਲਸ ਦੇ ਹਵਾਲੇ ਕੀਤੀ ਗਈ ਹੈ। ਇਨ੍ਹਾਂ ਦੇ ਖਿਲਾਫ ਬਣਦੀ ਪੁਲਸ ਕਾਰਵਾਈ ਕਰਵਾਈ ਜਾ ਰਹੀ ਹੈ ਤੇ ਤਫਤੀਸ਼ ਦੌਰਾਨ ਜਿਸ ਦਾ ਨਾਮ ਵੀ ਸਾਹਮਣੇ ਆਇਆ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਅਧਿਕਾਰੀ ਦਾ ਕਹਿਣਾ ਹੈ ਕਿ ਨਹਿਰ ਵਿੱਚੋਂ ਰੇਤ ਚੋਰੀ ਹੋਣ ਦੀ ਸ਼ਿਕਾਇਤ ਨਹਿਰ ਵਿਭਾਗ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਦੀ ਪਹਿਲੀ ਜ਼ਿੰਮੇਵਾਰੀ ਨਹਿਰ ਵਿਭਾਗ ਦੀ ਹੈ ਪਰ ਵੀ ਵਿਭਾਗ ਵੱਲੋਂ ਅਜੇ ਤੱਕ ਮਾਈਨਿੰਗ ਵਿਭਾਗ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਨਹਿਰ ਵਿਭਾਗ ਦੇ ਐਕਸੀਅਨ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਕੁਝ ਨਹੀਂ ਦੱਸ ਸਕਦੇ, ਕਿਉਂਕਿ ਉਸ ਨੇ ਕੁਝ ਦੇਰ ਪਹਿਲਾਂ ਹੀ ਗੁਰਦਾਸਪੁਰ ਵਿੱਚ ਜੁਆਇਨ ਕੀਤਾ ਹੈ ਇਸ ਲਈ ਉਹ ਇਸ ਦੀ ਜਾਂਚ ਵੀ ਕਰਵਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News