ਅਧਿਆਪਕ ਨੇ ਲਾਏ ਜ਼ਿਲਾ ਸਿੱਖਿਆ ਅਧਿਕਾਰੀ 'ਤੇ ਥੱਪੜ ਮਾਰਨ ਦੇ ਦੋਸ਼ (ਵੀਡੀਓ)

Friday, Feb 22, 2019 - 01:43 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਜੁਨੇਜਾ, ਜਿੰਦਲ) - ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਦੇ ਪਿੰਡ ਬੁਰਜ ਸਿਧਵਾਂ 'ਚ ਡੀ.ਓ ਵਲੋਂ ਇਕ ਅਧਿਆਪਕ ਦੇ ਥੱਪੜ ਮਾਰ ਦੇਣ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਅਧਿਆਪਕ ਨੂੰ ਥੱਪੜ ਮਾਰਿਆ ਗਿਆ ਸੀ, ਉਸ ਸਮੇਂ ਮੌਕੇ 'ਤੇ ਪੁਲਸ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਅਧਿਆਪਕ ਨੇ ਪੁਲਸ ਪ੍ਰਸ਼ਾਸਨ ਤੋਂ ਡੀ.ਓ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਪਰ ਕਾਰਵਾਈ ਕਰਨ ਦੀ ਥਾਂ ਪੁਲਸ ਅਧਿਕਾਰੀ ਅਧਿਆਪਕ ਨਾਲ ਹੀ ਬਹਿਸਣ ਲੱਗ ਪਏ। 

ਮਿਲੀ ਜਾਣਕਾਰੀ ਅਨੁਸਾਰ ਅਧਿਆਪਕਾਂ ਦੇ ਆਗੂ ਹੈਰੀ ਬਠਲਾ ਨੂੰ ਇਹ ਥੱਪੜ ਜ਼ਿਲਾ ਸਿੱਖਿਆ ਅਧਿਕਾਰੀ ਮਲਕੀਤ ਸਿੰਘ ਖੋਸਾ ਨੇ ਉਸ ਸਮੇਂ ਮਾਰਿਆ ਜਦੋਂ ਉਹ 'ਪੜ੍ਹੋ ਪੰਜਾਬ' ਮੁਹਿੰਮ ਦਾ ਵਿਰੋਧ ਕਰ ਰਹੇ ਸਨ। ਇਸ ਗੱਲ ਦੇ ਰੋਸ ਵਜੋਂ ਜ਼ਿਲੇ ਭਰ ਦੇ ਪ੍ਰਾਇਮਰੀ ਅਧਿਆਪਕ ਛੁੱਟੀ ਲੈ ਕੇ ਪਿੰਡ ਬੁਰਜ ਸਿੱਧਵਾਂ ਦੇ ਸਕੂਲ ਪਹੁੰਚ ਗਏ। ਅਧਿਆਪਕਾਂ ਨੇ ਜ਼ਿਲਾ ਸਿੱਖਿਆ ਅਧਿਕਾਰੀ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਡੀ. ਈ. ਓ. ਪੰਜਾਬ ਪੁਲਸ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਧਰ ਮਲੋਟ ਦੇ ਐੱਸ. ਡੀ. ਐੱਮ. ਗੋਪਾਲ ਸਿੰਘ ਅਤੇ ਡੀ.ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ ਨੇ ਅਧਿਆਪਕ ਆਗੂਆਂ ਨਾਲ ਗੱਲਬਾਤ ਕਰਦਿਆਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਸਕੂਲ 'ਚੋਂ ਬਾਹਰ ਨਾ ਨਿਕਲਨ ਦੇਣ ਕਰਕੇ ਅਧਿਆਪਕਾਂ ਨੇ ਸਕੂਲ ਦੇ ਗੇਟ ਨੂੰ ਤਾਲਾ ਵੀ ਲਾ ਦਿੱਤਾ।


author

rajwinder kaur

Content Editor

Related News