ਮਾਮੂਲੀ ਬਹਿਸ 'ਚ ਹੋਇਆ ਝਗੜਾ, ਕੁੱਟਮਾਰ 'ਚ ਕਾਲਜ ਦੇ ਡਰਾਈਵਰ ਦੀ ਮੌਤ

Wednesday, May 08, 2019 - 01:47 PM (IST)

ਮਾਮੂਲੀ ਬਹਿਸ 'ਚ ਹੋਇਆ ਝਗੜਾ, ਕੁੱਟਮਾਰ 'ਚ ਕਾਲਜ ਦੇ ਡਰਾਈਵਰ ਦੀ ਮੌਤ

ਜਲੰਧਰ (ਜਸਪ੍ਰੀਤ, ਮਾਹੀ)— ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਲਿੱਦੜਾਂ 'ਚ ਸੇਂਟ ਸੋਲਜਰ ਕਾਲਜ 'ਚ ਮਾਮੂਲੀ ਗੱਲ ਨੂੰ ਲੈ ਕੇ ਸਕਿਓਰਿਟੀ ਇੰਚਾਰਜ ਨੇ ਕਾਲਜ ਦੇ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਾਹੌਰ ਸਿੰਘ ਵਾਸੀ ਅਲੀਪੁਰ ਜ਼ਿਲਾ ਕਪੂਰਥਲਾ ਦੇ ਰੂਪ 'ਚ ਹੋਈ ਹੈ। ਲਾਹੌਰ ਸਿੰਘ ਸੇਂਟ ਸੋਲਜਰ ਕਾਲਜ ਦਾ ਡਰਾਈਵਰ ਸੀ। ਜਾਣਕਾਰੀ ਦਿੰਦੇ ਹੋਏ ਲਾਹੌਰ ਸਿੰਘ ਦੇ ਬੇਟੇ ਹਰਜਾਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ 25 ਸਾਲ ਤੋਂ ਕਾਲਜ 'ਚ ਬਤੌਰ ਡਰਾਈਵਰ ਦੇ ਤੌਰ 'ਤੇ ਕੰਮ ਕਰਦੇ ਸਨ। 
ਜ਼ਮੀਨ ਨੂੰ ਲੈ ਕੇ ਸਕਿਓਰਿਟੀ ਇੰਚਾਰਜ ਰੱਖਦਾ ਸੀ ਰੰਜਿਸ਼ 
ਹਰਜਾਪ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਜ਼ਮੀਨ ਖਰੀਦੀ ਸੀ। ਇਸੇ ਗੱਲ ਨੂੰ ਲੈ ਕੇ ਸਕਿਓਰਿਟੀ ਇੰਚਾਰਜ ਹਰਜਿੰਦਰ ਸਿੰਘ ਉਨ੍ਹਾਂ ਨਾਲ ਰੰਜਿਸ਼ ਰੱਖਣ ਲੱਗਾ ਸੀ। ਅੱਜ ਕਿਸੇ ਗੱਲ ਲੈ ਕੇ ਹਰਜਾਪ ਦੀ ਹਰਜਿੰਦਰ ਨਾਲ ਬਹਿਸ ਹੋ ਗਈ ਅਤੇ ਇਹ ਬਹਿਸ ਹੱਥੋਂਪਾਈ ਤੱਕ ਪਹੁੰਚ ਗਈ। ਹੱਥੋਂਪਾਈ ਹੁੰਦੀ ਦੇਖ ਲਾਹੌਰ ਸਿੰਘ ਨੇ ਆ ਕੇ ਦੋਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਸਕਿਓਰਿਟੀ ਇੰਚਾਰਜ ਹਰਜਿੰਦਰ ਨੇ ਲਾਹੌਰ ਦੀ ਛਾਤੀ 'ਚ ਮੁੱਕੇ ਮਾਰ ਦਿੱਤੇ। 

PunjabKesari

ਹਰਜਾਪ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਲਾਹੌਰ ਦਾ ਕੁਝ ਸਮੇਂ ਪਹਿਲਾਂ ਹੀ ਦਿਲ ਦਾ ਆਪਰੇਸ਼ਨ ਹੋਇਆ ਸੀ। ਜਿਸ ਕਰਕੇ ਦਿਲ 'ਚ ਮੁੱਕੇ ਵੱਜਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਵਾਲੇ ਤੁਰੰਤ ਲਾਹੌਰ ਸਿੰਘ ਨੂੰ ਸੈਕ੍ਰੇਟ ਹਾਰਟ ਹਸਪਤਾਲ ਲੈ ਕੇ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਡੀ. ਐੱਸ. ਪੀ ਸਪੈਸ਼ਲ ਬ੍ਰਾਂਚ ਸਰਬਜੀਤ ਰਾਏ, ਡੀ. ਐੱਸ. ਪੀ. ਕਰਤਾਰਪੁਰ ਰਣਜੀਤ ਸਿੰਘ ਥਾਣਾ ਮਕਸੂਦਾਂ ਦੇ ਮੁਖੀ ਜਰਨੈਲ ਸਿੰਘ ਪੁਲਸ ਫੋਰਸ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਦੇ ਆਉਣ ਤੋਂ ਪਹਿਲਾਂ ਹੀ ਹਰਜਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। 
ਦੱਸਿਆ ਜਾ ਰਿਹਾ ਹੈ ਕਿ ਸਕਿਓਰਿਟੀ ਗਾਰਡ ਇੰਚਾਰਜ ਰਜਿੰਦਰ ਸਿੰਘ ਨੂੰ ਕਾਬੂ ਕਰਨ ਲਈ ਵਾਰਸਾਂ ਵੱਲੋਂ ਮ੍ਰਿਤਕ ਦੇਹ ਨੂੰ ਐਂਬੂਲੈਂਸ 'ਚ ਪਾ ਕੇ ਸੇਂਟ ਸੋਲਜਰ ਕਾਲਜ ਦੇ ਬਾਹਰ ਰੱਖਣ ਲਈ ਲਿਜਾਇਆ ਜਾ ਰਿਹਾ ਸੀ ਤਾਂ ਪੁਲਸ ਵੱਲੋਂ ਹਸਪਤਾਲ ਦੇ ਗੇਟ ਦੇ ਬਾਹਰ ਸੜਕ 'ਤੇ ਹੀ ਰੋਕ ਲਿਆ ਗਿਆ। ਜਿਸ ਦੌਰਾਨ ਭੜਕੇ ਮ੍ਰਿਤਕ ਦੇ ਵਾਰਸਾਂ ਵੱਲੋਂ ਸੜਕ 'ਤੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰ ਨੇ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।


author

shivani attri

Content Editor

Related News