ਸਿਵਲ ਹਸਪਤਾਲ ਫਤਿਹਗੜ੍ਹ ਚੂੜੀਆਂ ਵਿਖੇ ਸਮੂਹ ਮੁਲਾਜ਼ਮਾਂ ਨੇ ਲਾਇਆ ਧਰਨਾ

Monday, Sep 18, 2017 - 11:28 PM (IST)

ਸਿਵਲ ਹਸਪਤਾਲ ਫਤਿਹਗੜ੍ਹ ਚੂੜੀਆਂ ਵਿਖੇ ਸਮੂਹ ਮੁਲਾਜ਼ਮਾਂ ਨੇ ਲਾਇਆ ਧਰਨਾ

ਫਤਿਹਗੜ੍ਹ ਚੂੜੀਆਂ,   (ਬਿਕਰਮਜੀਤ, ਸਾਰੰਗਲ)-  ਸਥਾਨਕ ਸਰਕਾਰੀ ਹਸਪਤਾਲ ਵਿਖੇ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੇ ਆਪਣੀਆਂ ਮੁਸ਼ਕਲਾਂ ਅਤੇ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਕਤ ਮੁਲਾਜ਼ਮਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ 'ਚ ਲੰਬੇ ਸਮੇਂ ਤੋਂ ਡਾਕਟਰਾਂ ਦੀ ਘਾਟ ਹੋਣ ਕਰ ਕੇ ਡਾਕਟਰਾਂ ਵੱਲੋਂ ਆਨ ਕਾਲ ਡਿਊਟੀ ਕੀਤੀ ਜਾ ਰਹੀ ਹੈ ਅਤੇ ਬਾਅਦ ਦੁਪਹਿਰ ਕੋਈ ਵੀ ਡਾਕਟਰ ਹਸਪਤਾਲ ਵਿਚ ਨਹੀਂ ਹੁੰਦਾ, ਜਿਸ ਨਾਲ ਐਮਰਜੈਂਸੀ ਵਿਚ ਜਦੋਂ ਵੀ ਕੋਈ ਮਰੀਜ਼ ਆਉਂਦਾ ਹੈ ਤਾਂ ਉਥੇ ਡਾਕਟਰ ਦੀ ਗੈਰ-ਮੌਜੂਦਗੀ ਕਾਰਨ ਦਾਖ਼ਲ ਮਰੀਜ਼ ਦੇ ਪਰਿਵਾਰਕ ਮੈਂਬਰ ਡਿਊਟੀ ਦੇ ਰਹੇ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰਦੇ ਹਨ ਅਤੇ ਐਮਰਜੈਂਸੀ 'ਚ ਮੌਜੂਦ ਲੇਡੀਜ਼ ਸਟਾਫ਼ ਨਾਲ ਆਏ ਦਿਨ ਲੋਕਾਂ ਵੱਲੋਂ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਡਾਕਟਰਾਂ ਦੀ ਘਾਟ ਕਰ ਕੇ ਲੋਕਾਂ ਵੱਲੋਂ ਗੁੱਸਾ ਐਮਰਜੈਂਸੀ ਵਿਚ ਡਿਊਟੀ ਦੇ ਰਹੇ ਲੇਡੀਜ਼ ਸਟਾਫ਼ 'ਤੇ ਕੱਢਿਆ ਜਾਂਦਾ ਹੈ, ਜਿਸ ਕਾਰਨ ਮੁਲਾਜ਼ਮਾਂ ਲਈ ਡਿਊਟੀ ਕਰਨੀ ਮੁਸ਼ਕਲ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਘਾਟ ਕਾਰਨ ਕਾਫ਼ੀ ਮਰੀਜ਼ਾਂ ਨੂੰ ਅੰਮ੍ਰਿਤਸਰ ਭੇਜ ਦਿੱਤਾ ਜਾਂਦਾ ਹੈ, ਜਿਸ ਦੇ ਰੋਸ ਵਜੋਂ ਮਰੀਜ਼ ਦੇ ਪਰਿਵਾਰ ਵਾਲੇ ਆ ਕੇ ਗਾਲੀ-ਗਲੋਚ ਕਰਦੇ ਹਨ ਅਤੇ ਨਾਲ ਹੀ ਹਸਪਤਾਲ ਵਿਚ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਵੀ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵਿਰੁੱਧ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਹਸਪਤਾਲ ਵਿਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਦੂਸਰੇ ਸਰਕਾਰੀ ਹਸਪਤਾਲਾਂ ਦੇ ਮੁਕਾਬਲੇ ਬਹੁਤ ਲੇਟ ਮਿਲਦੀਆਂ ਹਨ, ਜਿਸ ਕਾਰਨ ਮੁਲਾਜ਼ਮਾਂ ਨੂੰ ਆਰਥਿਕ ਤੌਰ 'ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੁਸ਼ਕਲਾਂ ਸਬੰਧੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। 
ਦੱਸਣਯੋਗ ਹੈ ਕਿ ਮੁਲਾਜ਼ਮਾਂ ਦੇ ਧਰਨੇ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਪਰਚੀ ਕਾਊਂਟਰ ਅਤੇ ਡਾਕਟਰਾਂ ਦੇ ਕਮਰੇ ਵੀ ਬੰਦ ਰਹੇ ਅਤੇ ਮਰੀਜ਼ਾਂ ਨੂੰ ਡਾਕਟਰਾਂ ਅਤੇ ਮੁਲਾਜ਼ਮਾਂ ਦਾ ਲੰਬਾ ਇੰਤਜ਼ਾਰ ਕਰਨਾ ਪਿਆ। ਲੋਕਾਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਕੋਲੋਂ ਮੰਗ ਕੀਤੀ ਕਿ ਹਸਪਤਾਲ ਵਿਚ ਡਾਕਟਰਾਂ ਦੀ ਰੜਕਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ। ਇਸ ਮੌਕੇ ਚੀਫ਼ ਉਪ ਫਾਰਮਾਸਿਸਟ ਗੁਰਸ਼ਰਨ ਸਿੰਘ, ਕੰਵਲ ਕੁਮਾਰ ਬੀ. ਈ. ਈ., ਰਾਜੇਸ਼ ਦੁੱਗਲ, ਸੁਰਜੀਤ ਸਿੰਘ, ਸੁਖਦੇਵ ਸਿੰਘ ਗਿੱਲ, ਵਿੰਮੀ ਸਾਰੰਗਲ, ਰੁਪਿੰਦਰ ਕੌਰ, ਰਮਿੰਦਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।


Related News