ਪਿੰਡ ਢੰਡਿਆਲ ''ਚ ਵੀ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨੇ ਪੈਰ ਪਸਾਰੇ

Sunday, Jul 30, 2017 - 07:58 AM (IST)

ਪਿੰਡ ਢੰਡਿਆਲ ''ਚ ਵੀ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨੇ ਪੈਰ ਪਸਾਰੇ

ਪਾਤੜਾਂ  (ਟਿੰਕੂ) - ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਢੰਡਿਆਲ ਵਿਖੇ ਵੀ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਥੇ ਕਈ ਔਰਤਾਂ ਅਤੇ ਮਰਦ ਇਸ ਬੀਮਾਰੀ ਦੀ ਲਪੇਟ 'ਚ ਆ ਚੁੱਕੇ ਹਨ। ਪਿੰਡ ਅੰਦਰ ਕੈਂਸਰ ਨਾਲ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ 7 ਮੌਤਾਂ ਹੋਣ ਤੋਂ ਬਾਅਦ ਕਈ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਹੜੇ ਜ਼ਿੰਦਗੀ ਅਤੇ ਮੌਤ ਦੀ ਭਿਆਨਕ ਲੜਾਈ ਲੜਨ ਦੇ ਨਾਲ ਹੀ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਚੁੱਕੇ ਹਨ ਕਿਉਂਕਿ ਹਜ਼ਾਰਾਂ ਰੁਪਏ ਖਰਚ ਕਰ ਕੇ ਵੀ ਕਈ ਪਰਿਵਾਰਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਪਿੰਡ ਵਿਚ ਗਰੀਬ ਪਰਿਵਾਰ ਨਾਲ ਸੰਬੰਧਿਤ ਕੇਸਰਾ ਦੇਵੀ ਪਤਨੀ ਜਰਨੈਲ ਸਿੰਘ ਦਾ ਬੀਕਾਨੇਰ ਤੋਂ ਇਲਾਜ ਚੱਲ ਰਿਹਾ ਹੈ। ਕਾਗਜ਼ਾਂ ਵਿਚ ਪਤੀ ਦੇ ਵੱਖ-ਵੱਖ ਨਾਂ ਦਰਜ ਹੋਣ ਕਰ ਕੇ ਸਰਕਾਰੀ ਮਦਦ ਵੀ ਨਹੀਂ ਮਿਲ ਸਕੀ।
ਪਿੰਡ ਢੰਡਿਆਲ ਵਿਖੇ ਕੈਂਸਰ ਪੀੜਤ ਪਰਿਵਾਰਾਂ ਦਾ ਹਾਲ ਜਾਣਨ ਗਏ ਸਮਾਜ ਸੇਵੀ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਿਆਨਕ ਬੀਮਾਰੀ ਨਾਲ ਪੀੜਤ ਪਰਿਵਾਰਾਂ ਦੀ ਸਥਿਤੀ ਵੇਖਣ ਲਈ ਪਿੰਡ ਦਾ ਦੌਰਾ ਕੀਤਾ। ਇਸ ਦੌਰਾਨ ਜੰਗ ਸਿੰਘ ਪੁੱਤਰ ਕਿੱਕਰ ਸਿੰਘ ਉਮਰ 60 ਸਾਲ ਪਿਛਲੇ ਇਕ ਦਹਾਕੇ ਤੋਂ ਗਲੇ ਦੇ ਕੈਂਸਰ ਨਾਲ ਪੀੜਤ ਚੱਲ ਰਿਹਾ ਹੈ। ਦੋ ਮਹੀਨੇ ਓਸਵਾਲ ਹਸਪਤਾਲ ਲੁਧਿਆਣਾ ਵਿਖੇ ਦਿਖਾਉਣ ਤੋਂ ਬਾਅਦ ਹੁਣ ਉਸ ਦੀ ਦਵਾਈ ਚਲਦੀ ਹੈ। ਉਸ ਦਾ 2 ਲੱਖ ਰੁਪਏ ਤੋਂ ਵੱਧ ਦਾ ਖਰਚਾ ਆ ਚੁੱਕਿਆ ਹੈ। 50 ਕੁ ਸਾਲ ਦੀ ਕੇਸਰੋ ਦਾ ਇਲਾਜ ਬੀਕਾਨੇਰ ਤੋਂ ਚਲਦਾ ਹੈ। ਗੰਡਾ ਸਿੰਘ ਅਤੇ ਅੰਗਰੇਜ਼ ਕੌਰ ਪਤਨੀ ਗੁਰਜੰਟ ਸਿੰਘ ਸੰਗਰੂਰ ਤੋਂ ਇਲਾਜ ਕਰਵਾ ਰਹੇ ਹਨ।
ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਇਕ ਹੀ ਪਰਿਵਾਰ ਦੇ ਗੁਰਦਿਆਲ ਸਿੰਘ, ਉਸ ਦੀ ਪਤਨੀ ਸੀਤੋ ਦੇਵੀ ਅਤੇ ਪੁੱਤਰ ਗਿਆਨ ਸਿੰਘ ਕੈਂਸਰ ਦੀ ਬੀਮਾਰੀ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ ਹਨ। ਇਨ੍ਹਾਂ ਤੋਂ ਇਲਾਵਾ ਜਸਪਾਲ ਸਿੰਘ ਅਤੇ ਉਸ ਦੀ ਪਤਨੀ ਜਸਵੰਤ ਕੌਰ ਵੀ ਕੈਂਸਰ ਨਾਲ ਲੜਾਈ ਲੜਦੇ ਹੋਏ ਚੱਲ ਵਸੇ। ਪਿਛਲੇ ਇਕ ਮਹੀਨੇ ਦੌਰਾਨ ਬੌਰੀਆ ਸਿੰਘ ਪੁੱਤਰ ਜੱਸਾ ਸਿੰਘ, ਦੇਵ ਰਾਮ ਪੁੱਤਰ ਚਰਨ ਦਾਸ ਦੀ ਮੌਤ ਹੋ ਚੁੱਕੀ ਹੈ। ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਇਸ ਪਿੰਡ ਦੀ ਗੰਭੀਰ ਸਥਿਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਪਿੰਡ ਢੰਡਿਆਲ ਵਾਸੀ ਡਾ. ਮੇਜਰ ਸਿੰਘ ਨੇ ਦੱਸਿਆ ਕਿ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਕਹਿਰ ਜਾਰੀ ਹੈ। ਹਰ ਦਿਨ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆ ਜਾਂਦਾ ਹੈ ਅਤੇ ਲੋਕਾਂ ਦਾ ਹਜ਼ਾਰਾਂ ਰੁਪਏ ਖਰਚ ਹੋਣ ਤੋਂ ਬਾਅਦ ਵੀ ਬੀਮਾਰੀ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਕਈ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਵੀ ਨਹੀਂ ਮਿਲੀ ਜਿਸ ਕਰ ਕੇ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।


Related News