ਲਾਪਤਾ ਹੋਇਆ ਸੀ ਅਪਾਹਜ ਵਿਅਕਤੀ, ਜਾਂਚ ਦੌਰਾਨ ਸਾਹਮਣੇ ਆਈ ਪਤਨੀ ਦੀ ਹੈਵਾਨੀਅਤ ਭਰੀ ਕਰਤੂਤ
Tuesday, Jun 15, 2021 - 06:30 PM (IST)
ਭਾਦਸੋਂ (ਅਵਤਾਰ) : ਥਾਣਾ ਭਾਦਸੋਂ ਦੀ ਪੁਲਸ ਵਲੋਂ ਬੀਤੇ ਦਿਨੀ ਇੱਕ ਅਪਾਹਜ ਵਿਅਕਤੀ ਦੇ ਗੁੰਮਸ਼ੁਦਾ ਹੋਣ ਦੀ ਗੁੱਥੀ ਨੂੰ ਸੁਲਝਾ ਲਿਆ ਹੈ, ਜਿਸ ਵਿਚ ਉਕਤ ਵਿਅਕਤੀ ਦੀ ਪਤਨੀ ਨੇ ਇਸ਼ਕ ’ਚ ਅੰਨ੍ਹੀ ਹੋ ਕੇ ਆਪਣੇ ਬਚਪਨ ਦੇ ਆਸ਼ਕ ਅਤੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੱਤੀ। ਥਾਣਾ ਮੁਖੀ ਅਮ੍ਰਿਤਵੀਰ ਸਿੰਘ ਚਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕ੍ਰਿਸ਼ਨ ਲਾਲ ਪੁੱਤਰ ਭਗਵਾਨ ਦਾਸ ਵਾਰਡ ਨੰਬਰ 4 ਨੇ ਦਰਖ਼ਾਸਤ ਦਿੱਤੀ ਕਿ ਉਸਦਾ 31 ਸਾਲਾ ਅਪਾਹਜ ਪੁੱਤਰ ਕੁਲਵਿੰਦਰ ਸਿੰਘ ਜੋ ਕਿ 25 ਜੂਨ 2021 ਨੂੰ ਲੁਧਿਆਣਾ ਵਿਖੇ ਪੇਪਰ ਦੇਣ ਲਈ ਕਹਿ ਕੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਕੁਲਵਿੰਦਰ ਸਿੰਘ ਨੇ ਫੋਨ ਕਰਕੇ ਮਾਤਾ ਨੂੰ ਦੱਸਿਆ ਕਿ ਉਹ ਆਪਣੇ ਕੁਝ ਦੋਸਤਾਂ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਹੈ। ਜਦੋਂ ਰਾਤ ਨੂੰ 10 ਵਜੇ ਤੋਂ ਬਾਅਦ ਕੁਲਵਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਸਦੇ ਦੋਸਤ ਨੇ ਫੋਨ ਚੁੱਕਿਆ ਅਤੇ ਕਿਹਾ ਕਿ ਕੁਲਵਿੰਦਰ ਬਾਹਰ ਬਾਜ਼ਾਰ ਖ਼ਰੀਦਦਾਰੀ ਕਰਨ ਲਈ ਗਿਆ ਹੈ ਅਤੇ ਉਸ ਤੋਂ ਬਾਅਦ ਫੌਨ ਬੰਦ ਕਰ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਤੈਅ ਤੱਕ ਜਾਣ ਦੀ ਕੋਸ਼ਿਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੋਬਾਇਲ ਲੋਕੇਸ਼ਨ ਦੀ ਟਰੈਸਿੰਗ ਕਰਦੇ ਹੋਏ ਏ. ਐੱਸ. ਆਈ. ਬਲਜੀਤ ਸਿੰਘ, ਏ. ਐੱਸ. ਆਈ. ਬਲਕਾਰ ਸਿੰਘ, ਹਰਜੋਤ ਸਿੰਘ, ਗੁਰਦੀਪ ਸਿੰਘ ਅਮਨਪ੍ਰੀਤ ਸਿੰਘ ਸਮੇਤ ਪੁਲਸ ਮੁਲਾਜ਼ਮਾਂ ਨੇ ਕੁਲਵਿੰਦਰ ਸਿੰਘ ਦੀ ਪਤਨੀ ਲਛਮੀ , ਰਿਸ਼ਤੇਦਾਰ ਬਲਵੀਰ ਸਿੰਘ, ਪ੍ਰਵੀਨ ਸਿੰਘ ਨਾਲ ਲਾਂਬੜਾ ਨੇੜੇ ਜਲੰਧਰ ਅਤੇ ਨਕੋਦਰ ਵੱਲ ਆਏ। ਉਨ੍ਹਾਂ ਦੱਸਿਆ ਕਿ ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਕੁਲਵਿੰਦਰ ਸਿੰਘ ਦੀ ਪਤਨੀ ਲਛਮੀ ਦੇਵੀ ਨੇ ਕਬੂਲ ਕੀਤਾ ਕਿ ਉਸਨੇ ਆਪਣੇ ਬਚਪਨ ਦੇ ਪ੍ਰੇਮੀ ਲਹਿੰਬਰ, ਉਸਦੇ ਸਾਥੀ ਮਦਨ ਲਾਲ ਅਤੇ ਬੀਸੀ ਨਾਲ ਮਿਲਕੇ ਪਿੰਡ ਗੋਲਕਪੁਰ ਨੇੜੇ ਇੱਕ ਮੋਟਰ ’ਤੇ ਬੈਠ ਕੇ ਸ਼ਰਾਬ ਪਿਲਾਈ ਤੇ ਫਿਰ ਸ਼ਰਾਬੀ ਹਾਲਤ ’ਚ ਕੁਲਵਿੰਦਰ ਸਿੰਘ ਦਾ ਚੂਨੀ ਨਾਲ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਨਜ਼ਦੀਕ ਲੰਘਦੇ ਗੰਦੇ ਨਾਲੇ ਵਿਚ ਸੁੱਟ ਦਿੱਤਾ ਗਿਆ ।
ਇਹ ਵੀ ਪੜ੍ਹੋ : ਬਾਘਾਪੁਰਾਣਾ ’ਚ ਵੱਡੀ ਵਾਰਦਾਤ, 2 ਨੌਜਵਾਨਾਂ ਵਲੋਂ ਵਿਅਕਤੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਦਾ ਮੋਬਾਇਲ ਖੋਜਿਆ ਗਿਆ ਜੋ ਕਿ ਗੰਦੇ ਨਾਲੇ ’ਚੋਂ ਮਿਲ ਗਿਆ ਹੈ। ਅਜੇ ਮ੍ਰਿਤਕ ਕੁਲਵਿੰਦਰ ਸਿੰਘ ਦੀ ਲਾਸ਼ ਦੀ ਭਾਲ ਜਾਰੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪਿਤਾ ਦੇ ਬਿਆਨਾ ਦੇ ਆਧਾਰ ’ਤੇ ਲਛਮੀ ਦੇਵੀ ਪਤਨੀ ਕੁਲਵਿੰਦਰ ਸਿੰਘ ਵਾਸੀ ਵਾਰਡ ਨੰਬਰ 4 ਭਾਦਸੋਂ, ਲਹਿੰਬਰ ਰਾਮ ਉਰਫ ਵਾਕਾ ਪੁੱਤਰ ਮਨੋਹਰ ਲਾਲ ਵਾਸੀ ਲਾਂਬੜਾ (ਜਲੰਧਰ) ਮਦਨ ਲਾਲ ਉਰਫ ਮੱਦੀ ਪੁੱਤਰ ਮੱਖਣ ਰਾਮ ਵਾਸੀ ਭਗਵਾਨਪੁਰ (ਜਲੰਧਰ) ਅਤੇ ਬੀਸੀ ਪੁੱਤਰ ਪਾਲਾ ਰਾਮ ਵਾਸੀ ਲਾਂਬੜਾ ਜ਼ਿਲ੍ਹਾ ਜਲੰਧਰ ਖ਼ਿਲ਼ਾਫ ਆਈ. ਪੀ. ਸੀ. ਦੀ ਧਾਰਾ 302, 364, 120 (ਬੀ) ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਲਛਮੀ , ਲਹਿੰਬਰ ਰਾਮ, ਮਦਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬੀਸੀ ਫਰਾਰ ਹੈ, ਜਿਸਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਕੁਲਵਿੰਦਰ ਸਿੰਘ ਦਾ ਵਿਆਹ ਕਰੀਬ 10 ਕੁ ਵਰ੍ਹੇ ਪਹਿਲਾਂ ਲਛਮੀ ਨਾਲ ਨਕੋਦਰ ਸਾਈਡ ਹੋਇਆ ਸੀ ਅਤੇ ਇਨ੍ਹਾਂ ਦੇ ਇੱਕ 8 ਸਾਲਾ ਦਾ ਬੱਚਾ ਵੀ ਹੈ । ਮਿਲੀ ਜਾਣਕਾਰੀ ਮੁਤਾਬਕ ਲਛਮੀ ਜੋ ਕਿ ਆਪਣੇ ਪੇਕਿਆਂ ਦੀ ਮਦਦ ਨਾਲ ਕੁਝ ਸਾਲ ਪਹਿਲਾਂ ਦੁਬਈ ਅਤੇ ਮਲੇਸ਼ੀਆ ਵੀ ਜਾ ਚੁੱਕੀ ਹੈ। ਇਨ੍ਹਾਂ ਦੀ ਆਪਸ ’ਚ ਅਣਬਣ ਰਹਿੰਦੀ ਸੀ। ਸ਼ਹਿਰ ਵਾਸੀਆ ਦਾ ਕਹਿਣਾ ਹੈ ਕਿ ਗਰੀਬ ਪਰਿਵਾਰ ਨਾਲ ਬੀਤੀ ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ ਪਰ ਉੱਥੇ ਹੀ ਭਾਦਸੋਂ ਪੁਲਸ ਵਲੋਂ ਲਗਾਤਾਰ ਡੂੰਘਾਈ ਨਾਲ ਜਾਂਚ ਕਰਦੇ ਹੋਏ ਜਿਸ ਨਤੀਜੇ ’ਤੇ ਪੁੱਜੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਮਾਣਯੋਗ ਅਦਾਲਤ ਵਲੋਂ ਦੋਸ਼ੀਆ ਨੂੰ ਸਖ਼ਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ : ਬਾਜਵਾ ਨੇ ਫਿਰ ਕੈਪਟਨ ਨੂੰ ਪਾਇਆ ਘੇਰਾ, ਹੁਣ ਰੱਖੀ ਵੱਡੀ ਮੰਗ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ