ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਰਨ ਲੋਕ ਹੋਏ ਪਰੇਸ਼ਾਨ

04/01/2018 10:04:38 AM

ਕੋਟਕਪੂਰਾ (ਨਰਿੰਦਰ ਬੈੜ)— ਸਥਾਨਕ ਸ਼ਹਿਰ ਦੇ ਮੁਹੱਲਾ ਵਿਜੇ ਨਗਰ ਅਤੇ ਅਮਨ ਨਗਰ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ 'ਚ ਪਾਇਆ ਹੋਇਆ ਹੈ। ਇਨ੍ਹਾਂ ਮੁਹੱਲਿਆਂ ਦਾ ਪਾਣੀ ਮੁਹੱਲਾ ਵਿਜੇ ਨਗਰ ਵਿਖੇ ਪਏ ਖਾਲੀ ਪਲਾਟਾਂ 'ਚ ਪੈ ਰਿਹਾ ਹੈ ਅਤੇ ਇਸ ਨੇ ਗੰਦੇ ਪਾਣੀ ਦੇ ਇਕ ਵੱਡੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਇਸ ਛੱਪੜ ਕਾਰਨ ਮੱਖੀਆਂ-ਮੱਛਰਾਂ ਅਤੇ ਹੋਰ ਕੀੜੇ-ਮਕੌੜਿਆਂ ਦੀ ਭਰਮਾਰ ਹੋਣ ਕਾਰਨ ਜਿੱਥੇ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਉਥੇ ਹੀ ਲਗਾਤਾਰ ਆ ਰਹੇ ਪਾਣੀ ਕਾਰਨ ਇਹ ਛੱਪੜ ਨਕੋ-ਨੱਕ ਭਰਣ ਤੋਂ ਬਾਅਦ ਉਛਲਣ ਲੱਗ ਪਿਆ ਹੈ। ਪਾਣੀ ਜ਼ਿਆਦਾ ਆਉਣ ਅਤੇ ਅੱਗੇ ਨਿਕਾਸੀ ਨਾ ਹੋਣ ਕਾਰਨ ਇਸ ਪਾਣੀ ਨੇ ਹੁਣ ਮੁਹੱਲੇ ਦੀਆਂ ਗਲੀਆਂ ਵੱਲ ਮੂੰਹ ਕਰ ਲਿਆ ਹੈ। ਮੁਹੱਲਾ ਵਾਸੀਆਂ ਵੱਲੋਂ ਆਪਣੀਆਂ ਗਲੀਆਂ ਦੇ ਆਸੇ-ਪਾਸੇ ਮਿੱਟੀ ਲਾ ਕੇ ਪਾਣੀ ਨੂੰ ਗਲੀਆਂ 'ਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਗਤੀ ਨਾਲ ਪਾਣੀ ਲਗਾਤਾਰ ਵੱਧ ਰਿਹਾ ਹੈ ਉਸ ਤੋਂ ਲਗਦਾ ਹੈ ਕਿ ਆਉਂਦੇ ਦੋ-ਚਾਰ ਦਿਨਾਂ 'ਚ ਇਹ ਪਾਣੀ ਮੁਹੱਲੇ ਦੀਆਂ ਗਲੀਆਂ ਦੇ ਨਾਲ-ਨਾਲ ਕੋਟਕਪੂਰਾ-ਮੋਗਾ ਮੁੱਖ ਸੜਕ 'ਤੇ ਵੀ ਆ ਜਾਵੇਗਾ। 
ਮੁਹੱਲਾ ਵਾਸੀ ਅਸ਼ੋਕ ਦਿਉੜਾ, ਜਗਦੀਸ਼ ਮਹਿਤਾ, ਮਾ. ਜੋਗਿੰਦਰ ਸਿੰਘ, ਸੁਮਿਤ ਅਰੋੜਾ, ਧਰਮਪਾਲ ਵਿਨੋਚਾ, ਸ਼ਾਦੀਰਾਮ ਦਿਉੜਾ, ਤਰਸੇਮ ਸਿੰਘ, ਵਿਜੇ ਮੋਂਗਾ ਆਦਿ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਵੱਲੋਂ ਪ੍ਰਸ਼ਾਸ਼ਨ ਨੂੰ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਦੱਸਿਆ ਕਿ ਕਰੀਬ ਸਵਾ ਮਹੀਨਾ ਪਹਿਲਾਂ ਮੁਹੱਲਾ ਵਾਸੀਆਂ ਦੀ ਅਪੀਲ 'ਤੇ ਐੱਸ. ਡੀ. ਐੱਮ. ਕੋਟਕਪੂਰਾ ਵੱਲੋਂ ਮੌਕਾ ਦੇਖਿਆ ਗਿਆ ਸੀ ਅਤੇ ਮੁਹੱਲਾ ਵਾਸੀਆਂ ਨੂੰ ਸਮੱਸਿਆ ਦੇ ਹੱਲ ਦੀ ਆਸ ਬੱਝੀ ਸੀ ਪਰ ਨਿਰਾਸ਼ਾ ਹੀ ਪੱਲੇ ਪਈ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਨਹੀਂ ਤਾਂ ਸਮੂਹ ਮੁਹੱਲਾ ਵਾਸੀ ਤਹਿਸੀਲ ਕੋਟਕਪੂਰਾ ਧਰਨਾ ਦੇਣ ਲਈ ਮਜਬੂਰ ਹੋਣਗੇ।


Related News