ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਕੂਲ ਆਫ ਐਮੀਨੈਂਸ ਟਾਂਡਾ ਦਾ ਕੀਤਾ ਅਚਨਚੇਤ ਨਿਰੀਖਣ
Tuesday, Aug 13, 2024 - 03:25 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਪੀ. ਸੀ. ਐੱਸ ਅਫ਼ਸਰ ਪਰਮਜੀਤ ਸਿੰਘ ਨੇ ਅੱਜ ਸਕੂਲ ਆਫ ਐਮੀਨੈਂਸ ਟਾਂਡਾ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ। ਸਕੂਲ ਪਹੁੰਚਣ 'ਤੇ ਡਿਪਟੀ ਡੀ. ਈ. ਓ. ਧੀਰਜ ਵਸ਼ਿਸ਼ਟ, ਪ੍ਰਿੰਸੀਪਲ ਰਾਜੇਸ਼ ਕੁਮਾਰ, ਵੋਕੇਸ਼ਨਲ ਕੋ-ਆਰਡੀਨੇਟਰ ਅਮਰੀਕ ਸਿੰਘ ਤੇ ਸਮੁੱਚੇ ਸਟਾਫ਼ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਨੇ ਸਪੋਰਟਸ ਵਿੰਗ ਟਾਂਡਾ ਦੀ ਇਮਾਰਤ ਦਾ ਨਿਰੀਖਣ ਕੀਤਾ ਅਤੇ ਦੱਸਿਆ ਕਿ ਸਪੋਰਟਸ ਵਿੰਗ ਦੇ ਚਾਰ ਕਮਰੇ ਉਪ ਮੰਡਲ ਮੈਜਿਸਟਰੇਟ ਦਫ਼ਤਰ ਟਾਂਡਾ ਵਾਸਤੇ ਆਰਜ਼ੀ ਤੌਰ 'ਤੇ ਦਿੱਤੇ ਜਾਣਗੇ, ਜਦੋਂ ਕਿ ਦੂਜੇ ਕਮਰਿਆਂ ਨੂੰ ਰੈਨੋਵੇਟ ਕਰਕੇ ਸਰਕਾਰ ਵੱਲੋਂ ਸਕੂਲ 'ਚ ਫਿਰ ਤੋਂ ਸਪੋਰਟਸ ਵਿੰਗ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਸਕੂਲ ਆਫ ਐਮੀਨੈਸ ਤਹਿਤ ਚੱਲ ਰਹੇ ਇਸ ਸਕੂਲ ਵਿੱਚ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਦੌਰਾਨ ਪਹਿਲਾਂ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਹੁਣ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਸਕੂਲ ਵੱਲੋਂ ਬੱਸ ਸਰਵਿਸ ਵੀ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਨਾਲ ਅੱਜ ਸਕੂਲ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਹੈ ਅਤੇ ਸਕੂਲ ਅੰਦਰ ਬਣ ਰਹੇ ਲੈਬ ਕਲਾਸ ਰੂਮ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੋਣਗੇ।