ਲੰਡਨ ''ਚ ਦਿਨਕਰ ਗੁਪਤਾ ''ਤੇ ਹੋਏ ਹਮਲੇ ਖਿਲਾਫ ਸ਼ਿਵ ਸੈਨਾ ਸਮਾਜਵਾਦੀ ਨੇ ਕੀਤਾ ਪ੍ਰਦਰਸ਼ਨ
Monday, Jun 03, 2019 - 02:13 PM (IST)
ਲੁਧਿਆਣਾ (ਰਿਸ਼ੀ) : ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਚੇਅਰਮੈਨ ਹਨੀ ਭਾਰਦਵਾਜ ਅਤੇ ਰਾਸ਼ਟਰੀ ਯੁਵਾ ਪ੍ਰਧਾਨ ਵਿਸ਼ਾਲ ਮਦਾਨ ਦੀ ਪ੍ਰਧਾਨਗੀ 'ਚ ਲੰਡਨ 'ਚ ਰਹਿ ਰਹੇ ਖਾਲਿਸਤਾਨੀ ਪਰਮਜੀਤ ਸਿੰਘ ਪੰਮਾ ਅਤੇ ਖਾਲਿਸਤਾਨੀ ਹਮਾਇਤੀਆਂ ਖਿਲਾਫ ਚੰਦਰ ਨਗਰ 'ਚ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਪੁਲਸ ਮੁਖੀ ਦਿਨਕਰ ਗੁਪਤਾ (ਡੀ. ਜੀ. ਪੀ.) ਲੰਡਨ ਦੌਰੇ 'ਤੇ ਗਏ ਹੋਏ ਸਨ, ਜਿੱਥੇ ਦਿਨਕਰ ਗੁਪਤਾ ਦਾ ਘਿਰਾਓ ਕਰ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ ਅਤੇ ਜ਼ਬਰਦਸਤੀ ਉਨ੍ਹਾਂ 'ਤੇ ਹਮਲਾ ਕਰਨ ਲਈ ਹੋਟਲ 'ਚ ਜਾਣ ਦਾ ਯਤਨ ਕੀਤਾ ਗਿਆ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਖਾਲਿਸਤਾਨੀ ਅੱਤਵਾਦੀ ਪੰਜਾਬ ਨੂੰ ਖਾਲਿਸਤਾਨ ਬਣਾਉਣ ਲਈ ਹਿੰਦੂ ਆਗੂਆਂ ਦੇ ਨਾਲ-ਨਾਲ ਖਾਲਿਸਤਾਨ ਖਿਲਾਫ ਲੜ ਰਹੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਖਾਲਿਸਤਾਨੀ ਅੱਤਵਾਦੀ ਪਰਮਜੀਤ ਪੰਮਾ ਨੂੰ ਭਾਰਤ ਲਿਆ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਰਿਫ੍ਰੈਂਡਮ-2020 ਦਾ ਸਾਥ ਦੇਣ ਵਾਲਿਆਂ 'ਤੇ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਜਰਨੈਲ ਸਿੰਘ ਭਿੰਡਰਾਂਵਾਲਾ ਦੀ ਵਿਚਾਰਧਾਰਾ ਨੂੰ ਵਧਾਉਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਨਾਲ ਹੀ 6 ਜੂਨ ਨੂੰ ਭਿੰਡਰਾਂਵਾਲੇ ਦੀ ਹਮਾਇਤ ਵਿਚ ਹੋਣ ਵਾਲੇ ਕੋਈ ਵੀ ਪ੍ਰੋਗਰਾਮ 'ਤੇ ਰੋਕ ਲਾ ਦਿੱਤੀ ਜਾਵੇ।