ਪੁਲਵਾਮਾ ਹਮਲੇ ਤੋਂ ਇਕ ਦਿਨ ਪਹਿਲਾਂ ਹੀ ਡਿਊਟੀ ''ਤੇ ਪੁੱਜਾ ਸੀ ਸ਼ਹੀਦ ਮਨਿੰਦਰ ਸਿੰਘ
Thursday, Feb 13, 2020 - 03:47 PM (IST)

ਦੀਨਾਨਗਰ : 14 ਫਰਵਰੀ 2019 ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਆਤਮਘਾਤੀ ਹਮਲੇ ਵਿਚ ਮਾਰੇ ਗਏ ਸੀ.ਆਰ.ਪੀ.ਐੱਫ. ਦੇ ਜਵਾਨਾਂ ਵਿਚੋਂ 4 ਪੰਜਾਬ ਤੋਂ ਵੀ ਸਨ, ਜਿਨ੍ਹਾਂ ਵਿਚ ਦੀਨਾਨਗਰ ਦੇ ਆਰੀਆ ਨਗਰ ਦੇ ਰਹਿਣ ਵਾਲੇ ਮਨਿੰਦਰ ਸਿੰਘ ਵੀ ਸ਼ਾਮਲ ਸਨ। ਮਨਿੰਦਰ ਸਿੰਘ ਪੜ੍ਹਾਈ ਵਿਚ ਹੋਣਹਾਰ ਸਨ ਅਤੇ ਉਨ੍ਹਾਂ ਨੇ ਬੀ.ਟੈਕ. ਤੋਂ ਬਾਅਦ 1 ਸਾਲ ਨਿੱਜੀ ਕੰਪਨੀ ਵਿਚ ਨੌਕਰੀ ਵੀ ਕੀਤੀ ਪਰ ਦਿਲ ਵਿਚ ਦੇਸ਼ ਲਈ ਕੁੱਝ ਕਰਨ ਦਾ ਜਜਬਾ ਸੀ ਅਤੇ ਸਾਲ 2017 ਵਿਚ ਸੀ.ਆਰ.ਪੀ.ਐਫ. ਦੀ 75ਵੀਂ ਬਟਾਲੀਅਨ ਵਿਚ ਭਰਤੀ ਹੋ ਗਏ। ਪਹਿਲੀ ਤਾਇਨਾਤੀ ਅੱਤਵਾਦ ਪ੍ਰਭਾਵਿਤ ਖੇਤਰ ਜੰਮੂ-ਕਸ਼ਮੀਰ ਵਿਚ ਹੋਈ। ਮਨਿੰਦਰ 13 ਫਰਵਰੀ 2019 ਨੂੰ 15 ਦਿਨ ਦੀ ਛੁੱਟੀ ਕੱਟ ਕੇ ਡਿਊਟੀ 'ਤੇ ਪਰਤੇ ਸਨ ਪਰ 14 ਫਰਵਰੀ ਨੂੰ ਮਨਿੰਦਰ ਨੇ ਦੇਸ਼ ਲਈ ਸ਼ਹਾਦਤ ਦੇ ਦਿੱਤੀ। ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਕੁੰਵਰ ਰਵਿਰੰਦ ਸਿੰਘ ਵਿੱਕੀ ਦਾ ਕਹਿਣਾ ਹੈ ਕਿ ਮਨਿੰਦਰ ਦੀ ਸ਼ਹਾਦਤ ਨੂੰ ਨਮਨ ਕਰਨ ਲਈ 14 ਫਰਵਰੀ ਨੂੰ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਗੁਰਦੁਆਰਾ ਦੀਨਾਨਗਰ ਵਿਚ ਸ਼ਰਧਾਂਜਲੀ ਦਿੱਤੀ ਜਾਏਗੀ।
ਹਾਜ਼ਾਰਾਂ ਲੋਕਾਂ ਨੇ ਦਿੱਤੀ ਸੀ ਅੰਤਿਮ ਵਿਦਾਈ
ਸ਼ਹੀਦ ਦੀ ਮ੍ਰਿਤਕ ਦੇਹ ਜਦੋਂ ਦੀਨਾਨਗਰ ਪਹੁੰਚੀ ਸੀ ਤਾਂ ਹਾਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਸਨ। ਮੌਕੇ 'ਤੇ ਮੰਤਰੀ ਵਿਧਾਇਕ ਸਮੇਤ ਪ੍ਰਸ਼ਾਸਨ ਵੀ ਮੌਜੂਦ ਸੀ। ਭੈਣਾਂ ਨੇ ਭਰਾ ਨੂੰ ਸਿਹਰਾ ਬੰਨ੍ਹ ਕੇ ਵਿਦਾ ਕੀਤਾ ਸੀ।
ਸਰਕਾਰ ਹਰ ਵਾਆਦਾ ਕਰੇਗੀ ਪੂਰਾ : ਅਰੁਣਾ ਚੌਧਰੀ
ਕੈਬਨਿਟ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਹੈ ਕਿ ਮਨਿੰਦਰ ਦੀ ਸ਼ਹਾਦਤ ਨੂੰ 1 ਸਾਲ ਪੂਰਾ ਹੋ ਗਿਆ ਹੈ ਪਰ ਪਰਿਵਾਰ ਦੇ ਜ਼ਖਮ ਅਜੇ ਵੀ ਹਰੇ ਹਨ। ਮਨਿੰਦਰ ਦੇ ਅਸੀਂ ਸਾਰੇ ਕਰਜ਼ਦਾਰ ਹਾਂ। ਪੰਜਾਬ ਸਰਕਾਰ ਪਰਿਵਾਰ ਨਾਲ ਕੀਤੇ ਵਾਅਦੇ ਜਲਦ ਪੂਰੇ ਕਰ ਰਹੀ ਹੈ।