ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਉਜਾੜ ਬਣ ਕੇ ਰਹਿ ਗਿਆ ਡਾਇਟ ਹੋਸਟਲ

06/12/2018 6:50:50 AM

ਲਾਂਬੜਾ, (ਪਰਮੀਤ)- ਲਾਂਬੜਾ ਨਜ਼ਦੀਕ ਪਿੰਡ ਰਾਮਪੁਰ 'ਚ ਬਣੀ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਡਾਇਟ, ਜਿਸ ਨੂੰ ਬਣਾਉਣ ਲਈ ਪਿੰਡ ਰਾਮਪੁਰ ਦੀ ਪੰਚਾਇਤ ਵੱਲੋਂ ਸਾਲ 1991 'ਚ ਆਪਣੀ ਕਰੋੜਾਂ ਰੁਪਏ ਦੀ ਕਈ ਏਕੜ ਪੰਚਾਇਤੀ ਜ਼ਮੀਨ ਦਿੱਤੀ ਗਈ ਸੀ, ਜੋ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਤੋਂ ਇਲਾਵਾ ਸੰਸਥਾ ਦੀ ਖੇਡ ਗਰਾਊਂਡ ਅਤੇ ਕੋਰਸ ਕਰਨ ਆਏ ਸਿਖਿਆਰਥੀਆਂ ਲਈ ਹੋਸਟਲ ਵਾਸਤੇ ਦਿੱਤੀ ਗਈ ਸੀ, ਜਿਸ 'ਚ ਸਾਲ 1993 'ਚ ਸੰਸਥਾ ਅਤੇ ਹੋਸਟਲ ਦੀਆਂ ਇਮਾਰਤਾਂ ਬਣ ਕੇ ਤਿਆਰ ਹੋ ਗਈਆਂ ਸਨ ਅਤੇ ਇਸੇ ਸਾਲ ਡਾਇਟ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਹੋ ਗਈ ਸੀ। ਡਾਇਟ ਵਿਚ ਪੜ੍ਹਾਈ, ਸਿਖਲਾਈ ਦਾ ਕੰਮ ਤਾਂ ਚੱਲਦਾ ਰਿਹਾ ਪਰ ਹੋਸਟਲ 'ਚ ਕਈ ਤਰ੍ਹਾਂ ਦੀਆਂ ਕਮੀਆਂ ਹੋਣ ਕਾਰਨ ਸਿਖਿਆਰਥੀਆਂ ਲਈ ਰਿਹਾਇਸ਼ ਦੀ ਸ਼ੁਰੂਆਤ ਨਾ ਹੋ ਸਕੀ, ਜਿਸ ਕਾਰਨ ਅੱਜ 25 ਸਾਲ ਬੀਤਣ ਦੇ ਬਾਵਜੂਦ ਵੀ ਡਾਇਟ ਵਿਚ 2 ਸਾਲਾਂ ਦਾ ਸਿਖਲਾਈ ਕੋਰਸ ਕਰਨ ਆਏ ਦੂਰ-ਦੁਰਾਡੇ ਦੇ ਸਿਖਿਆਰਥੀਆਂ ਨੂੰ ਲਾਗਲੇ ਪਿੰਡਾਂ ਵਿਚ ਮਹਿੰਗੇ ਮੁੱਲ 'ਤੇ ਕਮਰੇ ਕਿਰਾਏ 'ਤੇ ਲੈ ਕੇ ਰਹਿਣਾ ਪੈ ਰਿਹਾ ਹੈ।
PunjabKesari
ਬੰਦ ਪਏ ਹੋਸਟਲ ਦੀ ਮੇਨਟੀਨੈਂਸ ਦੀ ਫੀਸ ਭਰ ਰਹੇ ਹਨ ਸਿੱਖਿਆਰਥੀ
ਹੋਸਟਲ ਦੇ ਹਾਲਾਤ ਜਾਣਨ ਲਈ ਜਦੋਂ ਸਾਡੀ ਟੀਮ ਨੇ ਡਾਇਟ ਦਾ ਦੌਰਾ ਕੀਤਾ ਤਾਂ ਉਥੋਂ ਦੇ ਸਿੱਖਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਪ੍ਰਬੰਧਕਾਂ ਵੱਲੋਂ ਸਾਲਾਨਾ ਫੀਸ ਦੇ ਨਾਲ-ਨਾਲ ਬੰਦ ਪਏ ਹੋਸਟਲ ਦੀ ਮੁਰੰਮਤ ਵਾਸਤੇ 600 ਰੁਪਏ ਹੋਸਟਲ ਦੀ ਮੇਨਟੀਨੈਂਸ ਫੀਸ ਵੀ ਲਈ ਜਾ ਰਹੀ ਹੈ ਪਰ ਫੀਸ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਹੋਸਟਲ ਦੀ ਬਜਾਏ ਆਸ-ਪਾਸ ਦੇ ਪਿੰਡਾਂ 'ਚ ਕਿਰਾਏ 'ਤੇ ਕਮਰੇ ਲੈ ਕੇ ਰਹਿਣਾ ਪੈ ਰਿਹਾ ਹੈ, ਜਿਸ ਨਾਲ ਉਹ ਦੋਹਰੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
PunjabKesari
ਹੋਸਟਲ ਦੀ ਮੁਰੰਮਤ 'ਤੇ ਖਰਚ ਕੀਤੇ 30 ਲੱਖ
ਕਈ ਸਾਲਾਂ ਤੋਂ ਬੰਦ ਪਏ ਡਾਇਟ ਦੇ ਹੋਸਟਲ ਦੀ 2010 ਵਿਚ ਸਰਕਾਰ ਵੱਲੋਂ 30 ਲੱਖ ਦੀ ਲਾਗਤ ਨਾਲ ਮੁਰੰਮਤ ਵੀ ਕਰਵਾ ਦਿੱਤੀ ਗਈ, ਜਿਸ ਵਿਚ ਹੋਸਟਲ ਨੂੰ ਜਾਣ ਵਾਲੀ ਸੜਕ, ਹੋਸਟਲ ਦੀਆਂ ਗਰਿੱਲਾਂ, ਵਾਟਰ ਸਪਲਾਈ ਅਤੇ ਰੰਗ-ਰੋਗਨ ਆਦਿ 'ਤੇ ਖਰਚ ਕੀਤਾ ਗਿਆ ਸੀ।
ਕਈ ਤਰ੍ਹਾਂ ਦੀਆਂ ਕਮੀਆਂ ਕਾਰਨ ਨਹੀਂ ਸ਼ੁਰੂ ਹੋ ਸਕਿਆ ਹੋਸਟਲ : ਪ੍ਰਿੰਸੀਪਲ
ਡਾਇਟ ਪ੍ਰਿੰਸੀਪਲ ਮੈਡਮ ਅਨੀਤਾ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਾਇਟ ਵਿਚ ਬਣਿਆ ਹੋਸਟਲ ਕੁੜੀਆਂ ਦਾ ਹੈ। ਸਰਕਾਰ ਵੱਲੋਂ ਹੋਸਟਲ ਦੀ ਇਮਾਰਤ ਤਾਂ ਬਣਾ ਦਿੱਤੀ ਗਈ ਪਰ ਨਾ ਤਾਂ ਇਥੇ ਵਾਰਡਨ ਦੀ ਪੋਸਟ ਰੱਖੀ ਗਈ ਅਤੇ ਨਾ ਹੀ ਹੋਸਟਲ 'ਚ ਕਿਸੇ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ, ਜਿਸ ਕਾਰਨ ਇੰਨਾ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਹੋਸਟਲ 'ਚ ਰਿਹਾਇਸ਼ ਸ਼ੁਰੂ ਨਹੀਂ ਹੋ ਸਕੀ।
ਹੋਸਟਲ ਦੇ ਆਸ-ਪਾਸ ਦੇ ਹਾਲਾਤ ਜੰਗਲ ਵਰਗੇ
ਡਾਇਟ ਹੋਸਟਲ 'ਚ ਰਿਹਾਇਸ਼ ਨਾ ਹੋਣ ਕਾਰਨ ਡਾਇਟ ਪ੍ਰਬੰਧਕਾਂ ਵੱਲੋਂ ਵੀ ਹੋਸਟਲ ਵਾਲੀ ਸਾਈਡ ਵੱਲ ਸਾਫ-ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ, ਜਿਸ ਕਾਰਨ ਹੋਸਟਲ ਦੇ ਚਾਰ-ਚੁਫੇਰੇ ਵੱਡੀਆਂ-ਵੱਡੀਆਂ ਝਾੜੀਆਂ ਅਤੇ ਰੁੱਖਾਂ ਕਾਰਨ ਹਾਲਾਤ ਜੰਗਲਾਂ ਵਰਗੇ ਬਣੇ ਹੋਏ ਹਨ । 


Related News