ਢਕੌਲੀ ਹੈਲਥ ਸੈਂਟਰ ''ਚ ਖੱਜਰ-ਖੁਆਰ ਹੋ ਰਹੇ ਮਰੀਜ਼, ਦੇਖੋ ਮੋਹਾਲੀ ਦੇ ਸਿਵਲ ਹਸਪਤਾਲ ਦੀਆਂ ਮੂੰਹ ਬੋਲਦੀਆਂ ਤਸਵੀਰਾਂ

Thursday, Nov 26, 2020 - 04:01 PM (IST)

ਜ਼ੀਰਕਪੁਰ (ਮੇਸ਼ੀ) : ਪੰਜਾਬ ਦੇ ਸਿਹਤ ਮਹਿਕਮੇ ਵੱਲੋਂ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਸਮੂਹ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ, ਜਿਸ ਦੀ ਮੂੰਹ ਬੋਲਦੀ ਤਸਵੀਰ ਸਿਹਤ ਸੇਵਾਵਾਂ ਦੇ ਉਲਟ ਉਸ ਸਮੇ ਜ਼ੀਰਕਪੁਰ ਦੇ ਢਕੌਲੀ ਹਸਪਤਾਲ 'ਚ ਵੇਖਣ ਨੂੰ ਮਿਲੀ, ਜਦੋਂ ਮਰੀਜ਼ਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਕਾਫੀ ਦੇਰ ਤੱਕ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇੱਥੇ ਜੋ ਵੀ ਮਰੀਜ਼ ਪੁੱਜਦਾ ਹੈ, ਉਸ ਦਾ ਇਲਾਜ ਕਰਨ ਥਾਂ ਉਸ ਨੂੰ ਮੋਹਾਲੀ ਫੇਜ਼-6 ਦੇ ਹਸਪਤਾਲ 'ਚ ਰੈਫਰ ਕਰਕੇ ਪੱਲਾ ਝਾੜਿਆ ਜਾ ਰਿਹਾ ਹੈ।

PunjabKesari

ਇਸ ਤਕਲੀਫ ਸਬੰਧੀ ਗਰਭਵਤੀ ਬੀਬੀ ਹਰਵਿੰਦਰ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਜ਼ੀਰਕਪੁਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਢਕੌਲੀ ਦੇ ਹੈਲਥ ਸੈਂਟਰ ਹਸਪਤਾਲ 'ਚ ਪੁੱਜੇ ਸਨ, ਜਿਥੇ ਇੱਕ ਡਾਕਟਰ ਅਤੇ ਇੱਕ ਹੋਰ ਡਾਕਟਰ ਬੀਬੀ ਨੇ ਕਾਫੀ ਸਮੇਂ ਦੀ ਖੱਜਲ ਖੁਆਰੀ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ 'ਚ ਰੈਫਰ ਕੀਤਾ। ਇਸ ਤੋਂ ਇਲਾਵਾ ਅੱਗੋਂ ਕਿਹਾ ਕਿ ਉਹ ਪਹਿਲਾਂ ਹੀ ਮੋਹਾਲੀ ਹਸਪਤਾਲ 'ਚ ਚਲੇ ਜਾਦੇਂ ਤਾਂ ਜੋ ਸਮਾਂ ਖਰਾਬ ਹੋਇਆ ਹੈ, ਉਹ ਬਚ ਜਾਂਦਾ।

PunjabKesari

ਪਰਿਵਾਰਕ ਮੈਂਬਰਾਂ ਨੇ ਅੱਗੇ ਦੱਸਿਆ ਕਿ ਜਿਸ ਕਰਕੇ ਉਨ੍ਹਾਂ ਦੇ ਮਰੀਜ਼ ਦੀਆਂ ਗਰਭਵਤੀ ਹੋਣ ਕਾਰਨ ਪੀੜਾ ਵੱਧਣ ਲੱਗੀਆਂ ਅਤੇ ਬਿਲਕੁਲ ਸਮੇ 'ਤੇ ਜਦੋਂ ਫੇਜ਼-6 ਦੇ ਹਸਪਤਾਲ ਪੁੱਜੇ ਤਾਂ ਉੱਥੋਂ ਦਾ ਮੰਜਰ ਉਸ ਤੋਂ ਵੀ ਖ਼ਤਰਨਾਕ ਸਾਹਮਣੇ ਆਇਆ, ਜਿੱਥੇ ਜੱਚਾ-ਬੱਚਾ ਵਾਰਡ ਅੱਗੇ ਪੁੱਜੇ ਤਾਂ ਉੱਥੇ ਵਾਰਡ 'ਚ ਕੁੱਤੇ ਸੁੱਤੇ ਪਏ ਨਜ਼ਰ ਆਏ ਅਤੇ ਠੰਢ ਰੁੱਤੇ ਮਰੀਜ਼ ਅਤੇ ਪਰਿਵਾਰਕ ਮੈਂਬਰ ਵੱਡੇ ਕਮਰੇ 'ਚ ਧਰਤੀ 'ਤੇ ਸੁੱਤੇ ਅਤੇ ਬੈਠੇ ਨਜ਼ਰ ਆਏ, ਜਿੱਥੇ ਹੋਰ ਮਰੀਜ਼ਾਂ ਨੇ ਕਿਹਾ ਕਿ ਇੱਥੇ ਰਾਤ ਸਮੇਂ ਡਾਕਟਰ ਵੀ ਨਹੀ ਹਨ ਅਤੇ ਜੋ ਸਟਾਫ਼ ਦਾ ਵਿਅਕਤੀ ਬੈਠਾ ਸੀ, ਉਹ ਆਪਣੇ ਮੋਬਾਇਲ 'ਤੇ ਵਟਸਐਪ ਚੈਟ 'ਚ ਲੱਗਿਆ ਹੋਇਆ ਸੀ।

ਇੱਥੋਂ ਸਾਫ ਹੁੰਦਾ ਹੈ ਕਿ ਸਿਹਤ ਮਹਿਕਮਾ ਮਰੀਜ਼ਾਂ ਪ੍ਰਤੀ ਸਿਹਤ ਸੇਵਾਵਾਂ ਦੇਣ 'ਚ ਅਸਫਲ ਵਿਖਾਈ ਦੇ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਿਹਤ ਮਹਿਕਮੇ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਆਪਣੇ ਹਲਕੇ ਮੋਹਾਲੀ ਦੇ ਹਸਪਤਾਲ ਦੀ ਮੂੰਹ ਬੋਲਦੀ ਤਸਵੀਰ ਸਿਹਤ ਸਹੂਲਤਾਂ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹਦੀ ਬਿਆਨ ਕਰ ਕਰ ਰਹੀ ਹੈ। ਦੂਜੇ ਪਾਸੇ ਲੋਕਾਂ ਨੂੰ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਜਿੱਥੇ ਰੈਫਰ ਕਰਦਿਆਂ ਸਮਾਂ ਖਰਾਬ ਹੁੰਦਾ ਹੈ, ਉੱਥੇ ਹੀ ਆਰਥਿਕ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਮਰੀਜ਼ ਨੂੰ ਸਮੇ 'ਤੇ ਹਸਪਤਾਲ ਪਹੁੰਚਾਉਣ 'ਚ ਵਰਤੀ ਜਾਦੀਂ ਤੇਜ਼ੀ ਕਾਰਨ ਵੱਡੀ ਪਰੇਸ਼ਾਨੀ ਵੀ ਪੈਦਾ ਹੁੰਦੀ ਹੈ, ਜਿਸ ਕਰਕੇ ਪੰਜਾਬ ਸਰਕਾਰ ਨੂੰ ਲੋਕਾਂ ਦੀਆਂ ਸਿਹਤ ਸਹੂਲਤਾਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ।

ਜਦੋਂ ਇਸ ਸਬੰਧੀ ਢਕੌਲੀ ਹਸਪਤਾਲ ਦੀ ਐਸ. ਐਮ. ਓ. ਮੈਡਮ ਵਿਕਟਰ ਪੌਮੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇੱਥੇ 24 ਘੰਟੇ ਡਾਕਟਰ ਹਾਜ਼ਰ ਹੁੰਦੇ ਹਨ। ਇਸ ਹੈਲਥ ਸੈਟਰ ਵਿਖੇ ਐਮ. ਬੀ. ਬੀ. ਐਸ. ਦੇ 6 ਡਾਕਟਰ ਹਨ, ਜਿਨ੍ਹਾਂ 'ਚੋਂ ਇੱਕ ਡਾਕਟਰ ਅਤੇ ਨਰਸ ਦੀ ਡਿਊਟੀ ਰਾਤ ਸਮੇ ਹੁੰਦੀ ਹੈ। ਇਨ੍ਹਾਂ ਤੋਂ ਇਲਾਵਾ ਦੋ ਸੀਨੀਅਰ ਡਾਕਟਰਾਂ 'ਚੋਂ ਇੱਕ ਨੇ ਮੋਹਾਲੀ ਫੇਜ਼-6 ਦੇ ਹਸਪਤਾਲ ਲਈ ਬਦਲੀ ਕਰਵਾ ਲਈ ਹੈ ਅਤੇ ਇੱਕ ਗਾਇਨੀ ਡਾਕਟਰ ਨੇ ਕੋਰੋਨਾ ਬੀਮਾਰੀ ਕਾਰਨ ਅਸਤੀਫ਼ਾ ਦੇ ਦਿੱਤਾ ਹੈ। ਇੱਥੇ ਅਮਰਜੈਂਸੀ ਵਾਰਡ ਲਈ ਨਾ ਤਾਂ ਕੋਈ ਹੋਰ ਸੀਨੀਅਰ ਡਾਕਟਰ ਹੈ ਤਾਂ ਨਾ ਹੀ ਆਪਰੇਸ਼ਨ ਥੀਏਟਰ ਹੈ, ਜਿਸ ਕਰਕੇ ਸਮੂਹ ਸਹੂਲਤਾਂ ਲਈ ਡਾਕਟਰਾਂ ਸਮੇਤ ਹੋਰ ਸਮੂਹ ਸਾਧਨਾ ਦੀ ਵਧੇਰੇ ਲੋੜ ਹੈ, ਜਿਸ ਕਰਕੇ ਜ਼ਿਆਦਾਤਰ ਮਰੀਜ਼ਾਂ ਨੂੰ ਹੋਰ ਹਸਪਤਾਲ 'ਚ ਰੈਫਰ ਕਰਨਾ ਮਜਬੂਰੀ ਹੈ।
 


Babita

Content Editor

Related News