ਸ਼ਰਾਬ ਦਾ ਠੇਕਾ ਚੁੱਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ

Monday, Aug 21, 2017 - 02:00 AM (IST)

ਸ਼ਰਾਬ ਦਾ ਠੇਕਾ ਚੁੱਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ

ਨੱਥੂਵਾਲਾ ਗਰਬੀ,   (ਰਾਜਵੀਰ)-  ਨਜ਼ਦੀਕੀ ਪਿੰਡ ਹਰੀਏਵਾਲਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਨਜ਼ਦੀਕ ਹੀ ਖੁੱਲ੍ਹੇ ਹੋਏ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਪਿੰਡ ਵਾਸੀਆਂ ਵੱਲੋਂ ਮੁੱਦਕੀ-ਬਾਘਾਪੁਰਾਣਾ ਰੋਡ 'ਤੇ ਧਰਨਾ ਲਾ ਕੇ ਰੋਡ ਨੂੰ ਬੰਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਸੂਚਨਾ ਮਿਲਣ 'ਤੇ ਤੇਜ਼ ਪੈ ਰਹੇ ਮੀਂਹ 'ਚ ਹੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਚੌਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਏ. ਐੱਸ. ਆਈ. ਸਤਨਾਮ ਸਿੰਘ ਮੌਕੇ 'ਤੇ ਪੁਲਸ ਪਾਰਟੀ ਨਾਲ ਪਹੁੰਚੇ। 
ਇਸ ਦੌਰਾਨ ਉਨ੍ਹਾਂ ਮੌਕੇ 'ਤੇ ਹੀ ਸ਼ਰਾਬ ਦੇ ਠੇਕੇਦਾਰ ਨੂੰ ਬੁਲਾ ਕੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਵਾਈ ਅਤੇ ਜਲਦ ਹੀ ਧਰਨਾਕਾਰੀਆਂ ਨੂੰ ਭਰੋਸੇ 'ਚ ਲੈ ਕੇ ਧਰਨਾ ਚੁੱਕਵਾ ਦਿੱਤਾ ਅਤੇ ਜਾਮ ਨੂੰ ਖੁੱਲ੍ਹਵਾਇਆ। ਇਸ ਮੌਕੇ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਗੁਰਦੁਆਰਾ ਸਾਹਿਬ ਦੇ ਨੇੜੇ ਸ਼ਰਾਬ ਦਾ ਠੇਕਾ ਹੈ, ਜਿਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੈ, ਇਸ ਲਈ ਠੇਕਾ ਇੱਥੋਂ ਹਟਾਉਣਾ ਜ਼ਰੂਰੀ ਹੈ।  ਇਸ ਸਬੰਧੀ ਜਦੋਂ ਸ਼ਰਾਬ ਠੇਕੇਦਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਗ੍ਰਾਮ ਪੰਚਾਇਤ ਸਾਨੂੰ ਲਿਖ ਕੇ ਦੇਵੇ ਤਾਂ ਅਸੀਂ ਠੇਕਾ ਪਿੰਡ 'ਤੋਂ ਬਾਹਰ ਕੱਢ ਲਵਾਂਗੇ ਪਰ ਇਸ ਨਾਲ ਉਨ੍ਹਾਂ ਨੂੰ ਘਾਟਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣਗੇ ਅਤੇ ਸਭ ਦਾ ਖਿਆਲ ਰੱਖਣਗੇ। 


Related News