ਪੰਜਾਬ ''ਚ ''ਆਪ'' ਨਾਲ ਗਠਜੋੜ ਬਾਰੇ ਬੋਲੇ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ- ''ਪਾਰਟੀ ਹਾਈਕਮਾਨ ਕਰੇਗੀ ਫ਼ੈਸਲਾ''
Wednesday, Jan 24, 2024 - 04:12 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)- ਪੰਜਾਬ ’ਚ ਲੋਕ ਸਭਾ ਚੋਣਾਂ ਸਬੰਧੀ ਸਿਆਸੀ ਮਾਹੌਲ ਠੰਢ ’ਚ ਗਰਮੀ ਫੜਨ ਲੱਗ ਪਿਆ ਹੈ। ਕੁਝ ਮਹੀਨਿਆਂ ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ’ਚ ਕਾਂਗਰਸ ਪਾਰਟੀ ਨੇ ਵੀ ਆਪਣੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ ਤੇ ਪਾਰਟੀ ਦੇ ਨੈਸ਼ਨਲ ਲੀਡਰਾਂ ਅਤੇ ਸੂਬਾ ਪੱਧਰੀ ਲੀਡਰਾਂ ਨੇ ਪਾਰਟੀ ਵਰਕਰਾਂ ਨਾਲ ਤਾਲਮੇਲ ਬਣਾਉਣ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ।’’ ਇਨ੍ਹਾਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਮੰਗਲਵਾਰ ਸਥਾਨਕ ਇਕ ਪੈਲੇਸ ਵਿਖੇ ਪਾਰਟੀ ਵਰਕਰਾਂ ਨਾਲ ਖੁੱਲ੍ਹੀ ਵਿਚਾਰ ਚਰਚਾ ਲਈ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਕਾਂਗਰਸ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਭਰਵੀਂ ’ਚ ਜ਼ਿਲਾ ਸੰਗਰੂਰ ਅਤੇ ਮਾਲੇਰਕੋਟਲਾ ਤੋਂ ਸਮੂਹ ਪਾਰਟੀ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪ੍ਰੋਫ਼ੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਤੇ 'ਆਪ' ਨੇ ਅਕਾਲੀ ਦਲ ਦੇ ਦੋਸ਼ ਨਕਾਰੇ, ਦੱਸੀ ਸਾਰੀ ਗੱਲ
ਵਰਕਰ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਪਾਰਟੀ ਵਰਕਰਾਂ ਤੇ ਲੀਡਰਸ਼ਿਪ ਨਾਲ ਮੀਟਿੰਗ ਕਰ ਕੇ ਲੋਕ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਵਰਕਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ। ਕਾਂਗਰਸ ਦੇ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਮੁੱਦਾ ਵੀ ਪਾਰਟੀ ਵਰਕਰਾਂ ਨਾਲ ਵਿਚਾਰਿਆ ਜਾਵੇਗਾ ਅਤੇ ਉਨ੍ਹਾਂ ਦੀ ਰਾਏ ਲਈ ਜਾਵੇਗੀ। ਉਹ ਪਾਰਟੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੋਂ ਪਾਰਟੀ ਹਾਈਕਮਾਂਡ ਨੂੰ ਜਾਣੂ ਕਰਵਾਉਣਗੇ। ਪੰਜਾਬ ’ਚ ‘ਆਪ’ ਅਤੇ ਕਾਂਗਰਸ ਗਠਜੋੜ ਬਾਰੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ ਹਾਈਕਮਾਂਡ ਵੱਲੋਂ ਲਿਆ ਜਾਵੇਗਾ ਤੇ ਅੱਜ ਉਹ ਸਿਰਫ ਲੋਕ ਸਭਾ ਚੋਣਾਂ ਲਈ ਕਮਰ ਕੱਸਣ ਲਈ ਆਏ ਹਨ।
ਵਰਕਰ ਤੇ ਲੀਡਰਸ਼ਿਪ ਇਕਜੁੱਟ ਹੋ ਕੇ ਮਿਹਨਤ ਕਰੇ : ਰਾਜਾ ਵੜਿੰਗ
ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਗਠਜੋੜ ਬਣਾਉਣ ਜਾਂ ਨਾ ਕਰਨ ਦਾ ਫੈਸਲਾ ਪੰਜਾਬ ਦੇ ਵਰਕਰਾਂ, ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰੱਖਦਿਆਂ ਕਰੇਗੀ। ਪਾਰਟੀ ਹਾਈਕਮਾਂਡ ਵੱਲੋਂ ਜੋ ਫ਼ੈਸਲਾ ਕੀਤਾ ਜਾਵੇਗਾ, ਉਸਨੂੰ ਸਮੂਹ ਲੀਡਰਸ਼ਿਪ ਪ੍ਰਵਾਨ ਕਰੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਪਾਰਟੀ ਪ੍ਰਧਾਨ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਗਰੁੱਪ ਲੀਡਰਸ਼ਿਪ ਨੂੰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੇ ਆਧਾਰ ’ਤੇ ਪਾਰਟੀ ਵਰਕਰਾਂ ਅਤੇ ਸਮੂਹ ਲੀਡਰਸ਼ਿਪ ਨੂੰ ਲੋਕ ਸਭਾ ਚੋਣਾਂ ਲਈ ਇਕਜੁੱਟ ਹੋ ਕੇ ਮਿਹਨਤ ਕਰਨ ਲਈ ਕਿਹਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਸਾਮ ਵਿਚ ਹਿੰਸਾ ਦੇ ਮਾਮਲੇ 'ਚ ਰਾਹੁਲ ਗਾਂਧੀ ਤੇ ਹੋਰ ਕਾਂਗਰਸੀਆਂ ਖ਼ਿਲਾਫ਼ FIR ਦਰਜ, CM ਨੇ ਦਿੱਤੇ ਸੀ ਨਿਰਦੇਸ਼
ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਵਿਜੇ ਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ, ਕਾਕਾ ਰਣਦੀਪ ਸਿੰਘ ਨਾਭਾ, ਸੁਰਿੰਦਰ ਪਾਲ ਸਿੰਘ ਸਿਬੀਆ, ਗੁਰਚਰਨ ਸਿੰਘ ਦਿੜ੍ਹਬਾ ਸਮੇਤ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8