ਸਿਆਸਤ ਦੀ ਭੇਟ ਚਡ਼੍ਹਨ ਕਰ ਕੇ 10 ਸਾਲਾਂ ਤੋਂ ਲਟਕ ਰਿਹੈ ਅਕਾਲਸਰ ਰੋਡ ਦਾ ਕੰਮ

Saturday, Jun 30, 2018 - 07:54 AM (IST)

ਸਿਆਸਤ ਦੀ ਭੇਟ ਚਡ਼੍ਹਨ ਕਰ ਕੇ 10 ਸਾਲਾਂ ਤੋਂ ਲਟਕ ਰਿਹੈ ਅਕਾਲਸਰ ਰੋਡ  ਦਾ ਕੰਮ

ਮੋਗਾ (ਗੋਪੀ ਰਾਊਕੇ) - ਇਕ ਪਾਸੇ ਜਿੱਥੇ ਰਾਜਸੀ ਪਾਰਟੀਆਂ ਦੇ ਆਗੂਆਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਹੁੱਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਦੂਜੇ ਪਾਸੇ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਨਾਲ ਰੱਤੀ ਭਰ ਵੀ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ, ਕਿਉਂਕਿ ਅਕਸਰ ਹੀ ਸਿਆਸੀ ਆਗੂਆਂ ਦੀ ਕਥਿਤ ਕਸ਼ਮਕਸ਼ ਦਾ ਖਮਿਆਜ਼ਾ ਆਮ ਲੋਕਾਂ ਨੂੰ ਵੀ ਭੁਗਤਣਾ ਪੈਂਦਾ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਵਾਰਡ ਨੰਬਰ 12 ਅਤੇ 14 ਵਿਚਕਾਰ ਪੈਂਦੀ ਅਕਾਲਸਰ ਰੋਡ ਦਾ ਹੈ, ਜਿਸ  ਦਾ ਕੰਮ ਵਰ੍ਹਿਆਂ ਤੋਂ ਕਥਿਤ ਤੌਰ ’ਤੇ ਸਿਆਸਤ ਦੀ ਭੇਟ ਚਡ਼੍ਹਨ ਕਰ ਕੇ ਲਟਕ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਹੁਣ ਕੋਈ ਵੀ ਫਰਮ ਇਸ ਸਡ਼ਕ ਦਾ ਟੈਂਡਰ ਲੈਣ ਨੂੰ ਹੀ ਤਿਆਰ ਨਹੀਂ ਹੋ ਰਹੀ, ਜਿਸ ਕਰ ਕੇ ਹਾਲੇ ਇਸ ਸਡ਼ਕ ਨੂੰ ਬਣਨ ਵਿਚ ਹੋਰ ਸਮਾਂ ਲੱਗ ਸਕਦਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇੱਥੋਂ ਲੰਘ ਕੇ ਆਪਣੀਆਂ ਮੰਜ਼ਿਲਾਂ ਤੱਕ ਪੁੱਜਦੇ ਅੱਧੇ ਤੋਂ ਵੱਧ ਸ਼ਹਿਰੀਆਂ ਨੂੰ ਹਾਲੇ ਵੀ ਕੋਈ ਰਾਹਤ ਮਿਲਣ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ। ਦੂਜੇ ਪਾਸੇ ਸਡ਼ਕ ’ਤੇ ਪਏ ਡੂੰਘੇ ਟੋਇਆਂ ਵਿਚ ਖਡ਼੍ਹਦੇ ਗੰਦੇ ਪਾਣੀ ਕਰ ਕੇ ਇੱਥੇ ਆਪਣਾ ਕਾਰੋਬਾਰ ਚਲਾਉਂਦੇ ਦੁਕਾਨਦਾਰਾਂ ਦੇ ਕਿਸੇ ਵੇਲੇ ਵੀ ਗੰਦਗੀ ਕਰ ਕੇ ਬੀਮਾਰੀਆਂ ਦੀ ਲਪੇਟ ਵਿਚ ਆਉਣ ਦਾ ਖ਼ਦਸ਼ਾ ਹੈ।
 ‘ਜਗ ਬਾਣੀ’ ਵੱਲੋਂ ਇਸ ਸਬੰਧ ਵਿਚ ਇਕੱਤਰ ਕੀਤੀ ਗਈ ਵਿਸ਼ੇਸ਼ ਰਿਪੋਰਟ ਵਿਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਇਕ ਵਰ੍ਹਾ ਪਹਿਲਾਂ ਜਦੋਂ ਇਸ ਸਡ਼ਕ ਨੂੰ ਬਣਾਉਣ ਲਈ ਦੁਕਾਨਦਾਰਾਂ ਨੇ ਕੁਝ ਰਾਜਸੀ ਆਗੂਆਂ ਦੀ ਅਗਵਾਈ ਹੇਠ ਸੰਘਰਸ਼ ਦਾ ਪਿਡ਼ ਮੱਲਿਆ ਸੀ ਤਾਂ ਉਦੋਂ ਇਹ ਆਸ ਬੱਝੀ ਸੀ ਕਿ ਜਲਦੀ ਹੀ ਸਡ਼ਕ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ ਪ੍ਰੰਤੂ ਦੁਕਾਨਦਾਰਾਂ ਵੱਲੋਂ ਰਾਜਸੀ ਆਗੂਆਂ ਦੇ ‘ਝੰਡੇ’ ਥੱਲੇ ਕੀਤੇ ਸੰਘਰਸ਼ ਮਗਰੋਂ ਵੀ ਸਿਵਾਏ ‘ਲਾਰੇ- ਲੱਪਿਆਂ’ ਤੋਂ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਹੁਣ ਤਾਂ ਇਸ ਸਡ਼ਕ ਦੇ ਦੁਕਾਨਦਾਰਾਂ ਦਾ ਸਡ਼ਕ ਦੀ ਮਾਡ਼ੀ ਹਾਲਤ ਕਰ ਕੇ  ਕਾਫੀ ਆਰਥਿਕ ਨੁਕਸਾਨ ਹੋ ਰਿਹਾ ਹੈ, ਕਿਉਂਕਿ ਕੋਈ ਗਾਹਕ ਇਨ੍ਹਾਂ ਦੁਕਾਨਾਂ ’ਤੇ ਸਡ਼ਕ ਦੇ ਡੂੰਘੇ ਟੋਇਆਂ ਕਰ ਕੇ ਖਰੀਦੋ-ਫਰੋਖਤ ਕਰਨ ਲਈ ਨਹੀਂ ਆ ਰਿਹਾ, ਜਿਸ ਕਰ ਕੇ ਦੁਕਾਨਦਾਰਾਂ ਦਾ ਕੰਮ ਵੀ ‘ਠੱਪ’ ਪਿਆ ਹੈ।


Related News