ਤੀਜੇ ਦਿਨ ਵੀ ਨਹੀਂ ਹੋ ਸਕਿਆ ਮ੍ਰਿਤਕ ਡੇਰਾ ਪ੍ਰੇਮੀਆਂ ਦਾ ਸਸਕਾਰ, ਪੂਰਾ ਸ਼ਹਿਰ ਪੁਲਸ ਛਾਉਣੀ ''ਚ ਤਬਦੀਲ

02/28/2017 6:01:47 PM

ਅਹਿਮਦਗੜ੍ਹ (ਪੁਰੀ, ਇਰਫਾਨ) : ਲੁਧਿਆਣਾ ਮਾਲੇਰਕੋਟਲਾ ਮੁੱਖ ਮਾਰਗ ''ਤੇ ਅਹਿਮਦਗੜ੍ਹ ਨੇੜੇ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ''ਚ 25 ਫਰਵਰੀ ਨੂੰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਪਿਓ-ਪੁੱਤਰ ਡੇਰਾ ਪ੍ਰੇਮੀਆਂ ਦਾ ਮੰਗਲਵਾਰ ਵੀ ਸਸਕਾਰ ਨਹੀਂ ਕੀਤਾ ਗਿਆ। ਪੰਜਾਬ ''ਭਰ ''ਚੋਂ ਹਜ਼ਾਰਾਂ ਦੀ ਗਿਣਤੀ ''ਚ ਪਹੁੰਚੇ ਡੇਰਾ ਪ੍ਰੇਮੀਆਂ ਨੇ ਲੁਧਿਆਣਾ ਮਾਲੇਰਕੋਟਲਾ ਮੁੱਖ ਸੜਕ ''ਤੇ ਪੱਕੇ ਤੌਰ ''ਤੇ ਟੈਂਟ ਲਗਾ ਕੇ ਧਰਨਾ ਲਗਾ ਦਿੱਤਾ ਅਤੇ ਚਾਰ ਮਾਰਗੀ ਸੜਕ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ। ਮੰਗਲਵਾਰ ਵੀ ਹਜ਼ਾਰਾਂ ਔਰਤਾਂ ਅਤੇ ਮਰਦਾਂ ਨੇ ਧਰਨੇ ''ਚ ਬੈਠ ਕੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰੋ ਦੇ ਨਾਅਰੇ ਲਗਾਏ। ਡੇਰਾ ਸੱਚਾ ਸੌਦਾ ਕਮੇਟੀ ਮੈਂਬਰਾਂ ਅਤੇ ਉੱਚ ਪੁਲਸ ਅਧਿਕਾਰੀਆਂ ਵਿਚਕਾਰ ਮੰਗਲਵਾਰ ਦੁਪਹਿਰ ਹੋਈ ਮੀਟਿੰਗ ਵੀ ਬੇਨਤੀਜਾ ਰਹੀ।
ਮੀਟਿੰਗ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੇ ਭਾਰੀ ਰੋਹ ਨੂੰ ਦੇਖਦਿਆਂ ਪ੍ਰਸ਼ਾਸਨ ਅੱਗੇ ਇਹ ਸ਼ਰਤ ਰੱਖੀ ਗਈ ਹੈ ਕਿ ਜਦੋਂ ਤਕ ਕਾਤਲ ਨਹੀਂ ਫੜੇ ਜਾਂਦੇ ਉਦੋਂ ਤਕ ਮ੍ਰਿਤਕਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਉੱਚ ਪੁਲਸ ਅਧਿਕਾਰੀਆਂ ਆਈ ਜੀ ਜੋਨਲ ਜਲੰਧਰ ਐਲ ਕੇ ਯਾਦਵ, ਡੀ. ਆਈ. ਜੀ. ਐੱਸ. ਪੀ. ਕਾਲੀਆਂ, ਐੱਸ. ਐੱਸ. ਪੀ. ਖੰਨਾ ਸਤਿੰਦਰ ਸਿੰਘ, ਐੱਸ. ਐੱਸ. ਪੀ ਜਗਰਾਂਓ ਉਪਿੰਦਰਜੀਤ ਸਿੰਘ ਘੁੰਮਣ, ਐੱਸ. ਐੱਸ. ਪੀ ਹੁਸ਼ਿਆਰਪੁਰ ਹਰਚਰਨ ਸਿੰਘ ਭੁੱਲਰ ਭਾਰੀ ਪੁਲਸ ਫੋਰਸ ਨਾਲ ਮੌਕੇ ''ਤੇ ਮੌਜੂਦ ਸਨ। ਏ. ਆਰ. ਪੀ ਫੋਰਸ ਵੀ ਮੰਗਲਵਾਰ ਨੂੰ ਭਾਰੀ ਗਿਣਤੀ ''ਚ ਬੁਲਾ ਲਈ ਗਈ। ਲਗਭਗ 5 ਕਿਲੋਮੀਟਰ ਦਾ ਇਲਾਕਾ ਅਤੇ ਸਾਰਾ ਅਹਿਮਦਗੜ੍ਹ ਸ਼ਹਿਰ ਪੁਲਸ ਵੱਲੋਂ ਸੀਲ ਕਰ ਦਿੱਤਾ ਗਿਆ। ਮ੍ਰਿਤਕ ਦੇਹਾਂ ਕੋਲ ਉਨ੍ਹਾ ਦੇ ਰਿਸ਼ਤੇਦਾਰ ਅਤੇ ਸਗੇ ਸਬੰਧੀ ਬੈਠੇ ਦੇਖੇ ਗਏ।


Gurminder Singh

Content Editor

Related News