ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲ਼ੰਪਟਨ ਵਿਖੇ ਹੋਏ ਨਤਮਸਤਕ

05/17/2024 3:21:37 PM

ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੈਲਬੌਰਨ ਸ਼ਹਿਰ ਦੇ ਉੱਤਰ ਪੱਛਮ ਵਿਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅੱਜ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਉਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਸੈਮ ਰੇਅ ਤੇ ਸਟੀਵ ਮੈਕੇਈ ਵੀ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਵੇ ਬਣੇ ਦਰਬਾਰ ਸਾਹਿਬ ਵਿੱਖੇ ਨਤਮਸਤਕ ਹੋਏ। ਖਾਲਸਾ ਛਾਉਣੀ ਦੇ ਸੇਵਾਦਾਰਾਂ ਵੱਲੋਂ ਪ੍ਰਧਾਨ ਮੰਤਰੀ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ।

PunjabKesari

ਇਸ ਮੌਕੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਹਾਜ਼ਰ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੀ ਤਰੱਕੀ ਵਿੱਚ ਸਿੱਖ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਮੁਸੀਬਤ ਦੀ ਘੜੀ ਵਿੱਚ ਸਿੱਖ ਭਾਈਚਾਰੇ ਨੇ ਆਸਟ੍ਰੇਲੀਆਈ ਲੋਕਾਂ ਦੀ ਬਹੁਤ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖਾਂ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਦੇ ਸਦਕਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਤੇ ਆਸਟ੍ਰੇਲੀਆ ਵਿੱਚ ਹਰ ਮੁਸੀਬਤ ਦੇ ਸਮੇਂ ਅੱਗੇ ਹੋ ਕੇ ਇੱਥੋਂ ਦੇ ਲੋਕਾਂ ਦੀ ਮਦਦ ਕੀਤੀ ਹੈ, ਚਾਹੇ ਉਹ ਹੜ੍ਹ ਹੋਣ, ਅੱਗ, ਕੋਰੋਨਾ ਤਾਲਾਬੰਦੀ ਆਦਿ ਹਾਲਾਤ ਵਿੱਚ ਸਿੱਖਾਂ ਨੇ ਮੋਹਰੀ ਭੂਮਿਕਾ ਨਿਭਾਈ  ਹੈ। 
 

PunjabKesari
ਕੋਵਿਡ ਦੌਰਾਨ ਉਨ੍ਹਾਂ ਵੱਲੋਂ ਮੁਹੱਈਆ ਕਰਵਾਇਆ ਗਿਆ ਸਿਰਫ ਭੋਜਨ ਹੀ ਨਹੀਂ ਸੀ, ਸਗੋਂ ਲੋੜਵੰਦ ਲੋਕਾਂ ਲਈ ਉਮੀਦ ਵੀ ਸੀ। ਸਿੱਖ ਭਾਈਚਾਰਾ ਆਸਟ੍ਰੇਲੀਆ ਦਾ ਅਨਿਖੜਵਾਂ ਅੰਗ ਹੈ। ਮੈਂਬਰ ਪਾਰਲੀਮੈਂਟ ਸੈਮ ਰੇਅ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਸਿੱਖ ਭਾਈਚਾਰੇ ਤੇ ਉਨਾਂ ਵਲੋ ਕੀਤੀ ਜਾ ਰਹੀ ਸੇਵਾ ਨੂੰ ਨੇੜਿਓ ਦੇਖਣ ਦਾ ਮੌਕਾ ਮਿਲਿਆ ਤੇ ਉਹ ਬਹੁਤ ਪ੍ਰਭਾਵਿਤ ਹੋਏ। ਉਨਾਂ ਕਿਹਾ ਕਿ ਪੱਛਮੀ ਉਪਨਗਰਾਂ ਵਿੱਚ ਸਿੱਖ ਭਾਈਚਾਰੇ ਦਾ ਵਾਧਾ ਤੇ ਸਿੱਖ ਭਾਈਚਾਰੇ ਦੇ ਇੰਨੇ ਸਾਰੇ ਦੋਸਤ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈ ਸਿੱਖ ਭਾਈਚਾਰੇ ਵਲੋਂ ਆਸਟ੍ਰੇਲੀਅਨ ਲੋਕਾਂ ਦੇ ਜੀਵਨ ਵਿਚ ਕੀਤੇ ਗਏ ਸਾਰੇ ਕੰਮਾਂ ਦੀ ਦਿਲੋਂ ਸ਼ਲਾਘਾ ਕਰਦਾ ਹਾਂ। ਅੰਤ ਵਿੱਚ ਉਨਾਂ ਕਿਹਾ ਮੈਂ ਆਪਣੇ ਅਤੇ ਸਿੱਖ ਭਾਈਚਾਰੇ ਦਰਮਿਆਨ ਰਿਸ਼ਤੇ ਦੀ ਸੱਚਮੁੱਚ ਕਦਰ ਕਰਦਾ ਹਾਂ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਉੱਤਰੀ ਕੋਰੀਆ ਖ਼ਿਲਾਫ਼ ਚੁੁੱਕਿਆ ਸਖ਼ਤ ਕਦਮ, ਜਾਣੋ ਪੂਰਾ ਮਾਮਲਾ

ਇਸ ਮੌਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਸਿਰੋਪਾੳ ਦੁਆਰਾ ਸਨਮਾਨ ਕੀਤਾ ਗਿਆ ਤੇ ਸ੍ਰੀ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਭੇਂਟ ਕੀਤੀ ਗਈ। ਇਸ ਦੌਰਾਨ ਸੈਮ ਰੇਅ ਮੈਂਬਰ ਪਾਰਲੀਮੈਂਟ, ਸਟੀਵ ਮੈਕੇਈ ਮੈਂਬਰ ਪਾਰਲੀਮੈਂਟ ਦੇ ਨਾਲ-ਨਾਲ ਵਿਕਟੋਰੀਆ ਪੁਲਸ ਦੇ ਨੁੰਮਾਇੰਦੀਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਲੰਗਰ ਤੇ ਨਵੇ ਬਣੇ ਖੇਡ ਮੈਦਾਨ ਦਾ ਦੌਰਾ ਕੀਤਾ ਤੇ ਖਿਡਾਰੀਆਂ ਨਾਲ ਤਸਵੀਰਾਂ ਖਿੱਚਵਾਈਆਂ। ਇਸ ਦੌਰਾਨ ਵੱਖ-ਵੱਖ ਗੁਰਦੁਆਰਿਆਂ ਦੇ ਨੁੰਮਾਇਦਿਆਂ ਤੇ ਭਾਈਚਾਰੇ ਦੀ ਨਾਮਵਰ ਸ਼ਖਸੀਅਤਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਮੈਮਰੋਡੰਮ ਵੀ ਦਿੱਤਾ, ਜਿਸ ਵਿੱਚ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਜਿਵੇ ਕਿ ਮਾਪਿਆਂ ਦਾ ਵੀਜ਼ਾ, ਯਾਤਰੀ ਵੀਜਾ ਤੇ ਸਪਾਂਸਰ ਵੀਜਾ ਆਦਿ ਬਾਰੇ ਗੱਲ ਕੀਤੀ ਗਈ ਜਿਸ ਨੂੰ ਕਿ ਪ੍ਰਧਾਨ ਮੰਤਰੀ ਵੱਲੋਂ ਧਿਆਨ ਨਾਲ ਸੁਣਿਆ ਗਿਆ ਤੇ ਜਲਦ ਹੀ ਇਨਾਂ ਅੜਚਨਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਨਾਲ ਵੀਡਿੳ ਕਾਲ ਰਾਹੀਂ ਗੱਲ ਕੀਤੀ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਗਿਆਨੀ ਅਤਰ ਸਿੰਘ ਜੀ ਗ੍ਰੰਥੀ ਗੁਰਦੁਆਰਾ ਜੋਤੀ ਸਰੂਪ ਸਾਹਿਬ, ਭਾਈ ਹਰਜੀਤ ਸਿੰਘ ਜੀ ਸਿੰਘਾਪੁਰ, ਸ੍ਰਃ ਬਲਵਿੰਦਰ ਸਿੰਘ ਜੀ ਕੰਗ ਐਡੀਲੇਡ, ਗਿਆਨੀ ਅਵਤਾਰ ਸਿੰਘ ਜੀ ਭੈਲ ਤੇ ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ ਜੱਥਾ, ਵਲੰਟੀਅਰ ਤੇ ਸੇਵਾਦਾਰ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News