ਉਮੀਦਾਂ ''ਤੇ ਖਰਾ ਨਹੀਂ ਉਤਰ ਸਕਿਆ ਪਰ ਜ਼ਿਆਦਾ ਸੋਚਣ ਦਾ ਕੀ ਫ਼ਾਇਦਾ : ਰੋਹਿਤ ਸ਼ਰਮਾ

05/18/2024 6:50:36 PM

ਮੁੰਬਈ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਬੂਲ ਕੀਤਾ ਕਿ ਆਈਪੀਐੱਲ ਦੇ ਮੌਜੂਦਾ ਸੈਸ਼ਨ 'ਚ ਉਹ ਆਪਣੇ ਮਾਪਦੰਡਾਂ ਮੁਤਾਬਕ ਬੱਲੇਬਾਜ਼ੀ ਨਹੀਂ ਕਰ ਸਕੇ ਪਰ ਉਨ੍ਹਾਂ ਇਸ 'ਤੇ ਜ਼ਿਆਦਾ ਸੋਚਣ ਦੀ ਬਜਾਏ ਸਕਾਰਾਤਮਕ ਸੋਚ ਨਾਲ ਗ਼ਲਤੀਆਂ 'ਤੇ ਕੰਮ ਕਰਨ 'ਤੇ ਫੋਕਸ ਕੀਤਾ। ਪੰਜ ਵਾਰ ਦੇ ਆਈਪੀਐੱਲ ਚੈਂਪੀਅਨ ਕਪਤਾਨ ਰੋਹਿਤ ਆਈਪੀਐੱਲ ਦੇ ਇਸ ਸੈਸ਼ਨ 'ਚ ਦੂਜੇ ਪੜਾਅ 'ਚ ਛੇ ਮੈਚਾਂ ਵਿਚ 20 ਦੌੜਾਂ ਤੋਂ ਜ਼ਿਆਦਾ ਦੀ ਪਾਰੀ ਨਹੀਂ ਖੇਡ ਸਕੇ। 

ਉਨ੍ਹਾਂ ਕਿਹਾ, 'ਇਕ ਬੱਲੇਬਾਜ਼ ਦੇ ਤੌਰ 'ਤੇ ਮੈਂ ਜਾਣਦਾ ਹਾਂ ਕਿ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਿਆ ਪਰ ਇੰਨੇ ਸਾਲ ਖੇਡਣ ਤੋਂ ਬਾਅਦ ਮੈਨੂੰ ਏਨਾ ਪਤਾ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਸੋਚਾਂਗਾ ਤਾਂ ਚੰਗਾ ਨਹੀਂ ਖੇਡ ਸਕਾਂਗਾ।' ਉਨ੍ਹਾਂ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਆਖਰੀ ਲੀਗ ਮੈਚ 'ਚ 38 ਗੇਂਦਾਂ 'ਤੇ 68 ਦੌੜਾਂ ਬਣਾ ਕੇ ਵਾਪਸੀ ਕੀਤੀ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। 

ਰੋਹਿਤ ਨੇ ਕਿਹਾ, 'ਮੈਂ ਸਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਅਭਿਆਸ ਕਰਦਾ ਰਹਿੰਦਾ ਹਾਂ ਅਤੇ ਆਪਣੀਆਂ ਗ਼ਲਤੀਆਂ 'ਤੇ ਕੰਮ ਕਰਦਾ ਹਾਂ। ਸਾਡਾ ਇਹ ਸੈਸ਼ਨ ਵਧੀਆ ਨਹੀਂ ਰਿਹਾ ਅਤੇ ਇਸ ਲਈ ਅਸੀਂ ਹੀ ਕਸੂਰਵਾਰ ਹਾਂ, ਕਿਉਂਕਿ ਅਸੀਂ ਬਹੁਤ ਸਾਰੀਆਂ ਗ਼ਲਤੀਆਂ ਕੀਤੀਆਂ। ਅਸੀਂ ਅਜਿਹੇ ਮੈਚ ਗੁਆਏ ਜਿਹੜੇ ਜਿੱਤਣੇ ਚਾਹੀਦੇ ਸਨ ਪਰ ਆਈਪੀਐੱਲ 'ਚ ਅਜਿਹਾ ਹੀ ਹੁੰਦਾ ਹੈ। ਤੁਹਾਨੂੰ ਮੌਕੇ ਘੱਟ ਮਿਲਦੇ ਹਨ ਅਤੇ ਜਿਹੜੇ ਮਿਲਦੇ ਹਨ ਉਨ੍ਹਾਂ ਨੂੰ ਗੁਆਉਣਾ ਨਹੀਂ ਚਾਹੀਦਾ।'

ਭਾਰਤੀ ਕਪਤਾਨ ਨੇ ਇਹ ਵੀ ਕਿਹਾ ਕਿ ਟੀ20 ਵਿਸ਼ਵ ਕੱਪ ਦੀ 70 ਫੀਸਦੀ ਟੀਮ ਆਈਪੀਐੱਲ ਤੋਂ ਪਹਿਲਾਂ ਹੀ ਤੈਅ ਕਰ ਲਈ ਗਈ ਸੀ। ਉਨ੍ਹਾਂ ਕਿਹਾ ਕਿ ਆਈਪੀਐੱਲ 'ਚ ਪ੍ਰਦਰਸ਼ਨ 'ਚ ਉਤਾਰ-ਚੜਾਅ ਆਉਂਦੇ ਰਹਿੰਦੇ ਹਨ। ਅਸੀਂ ਉਨ੍ਹਾਂ 'ਤੇ ਜ਼ਿਆਦਾ ਫੋਕਸ ਨਹੀਂ ਕੀਤਾ। ਆਈਪੀਐੱਲ ਦੇ ਇਸ ਸੈਸ਼ਨ ਤੋਂ ਪਹਿਲਾਂ ਹੀ ਵਿਸ਼ਵ ਕੱਪ ਟੀਮ ਦੇ 70 ਫੀਸਦੀ ਖਿਡਾਰੀਆਂ ਨੂੰ ਆਪਣੀ ਭੂਮਿਕਾ ਦਾ ਪਤਾ ਸੀ।


Tarsem Singh

Content Editor

Related News