ਭੇਤਭਰੇ ਹਾਲਾਤ ’ਚ ਮੁੰਡੇ ਦੀ ਮੌਤ, ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ

05/13/2024 12:01:59 PM

ਮਹਿਲ ਕਲਾਂ (ਹਮੀਦੀ, ਸਿੰਗਲਾ) : ਪਿੰਡ ਕੁਰੜ ਵਿਖੇ ਇਕ ਗਿਆਰ੍ਹਵੀਂ ਜਮਾਤ ’ਚ ਪੜ੍ਹਦੇ ਮੁੰਡੇ ਦੀ ਲਾਸ਼ ਭੇਤਭਰੇ ਹਾਲਾਤ ’ਚ ਇਕ ਕਿਸਾਨ ਦੇ ਖੇਤ ’ਚੋਂ ਮੋਟਰ ਵਾਲੇ ਕੋਠੇ ’ਚੋਂ ਮਿਲੀ ਹੈ। ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਫ਼ੌਜੀ ਵਾਸੀ ਕੁਰੜ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਪਿੰਡ ਦੇ ਇਕ ਕਿਸਾਨ ਦੀ ਮੋਟਰ ਦੇ ਕੋਠੇ ’ਚ ਇਕ ਮੁੰਡੇ ਦੀ ਲਾਸ਼ ਪਈ ਹੈ। ਉਨ੍ਹਾਂ ਵੱਲੋਂ ਇਸ ਦੀ ਸੂਚਨਾ ਤੁਰੰਤ ਥਾਣਾ ਠੁੱਲੀਵਾਲ ਦੀ ਪੁਲਸ ਨੂੰ ਦਿੱਤੀ ਗਈ।

ਪੁਲਸ ਵੱਲੋਂ ਪਿੰਡ ਦੇ ਪਤਵੰਤਿਆਂ ਤੇ ਮ੍ਰਿਤਕ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਕਰਮਜੀਤ ਸਿੰਘ ਉਪਲ ਵਾਸੀ ਹਾਰਦਾਸਪੁਰਾ ਨੇ ਦੱਸਿਆ ਕਿ ਮ੍ਰਿਤਕ ਅਭੀਜੀਤ ਸਿੰਘ (16) ਪੁੱਤਰ ਭਰਪੂਰ ਸਿੰਘ ਪਿੰਡ ਮਿੱਠੇਵਾਲ ਦਾ ਰਹਿਣ ਵਾਲਾ ਸੀ ਜੋ ਕਿ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ, ਜਿਸ ਦੀ ਲਾਸ਼ ਪਿੰਡ ਕੁਰੜ ਦੇ ਇਕ ਕਿਸਾਨ ਦੀ ਮੋਟਰ ਵਾਲੇ ਕਮਰੇ ’ਚੋਂ ਮਿਲੀ ਹੈ।

ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਐੱਸ. ਐੱਚ. ਓ. ਠੁੱਲੀਵਾਲ ਅਜੈਬ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਦੋ ਟੀਮਾਂ ਭੇਜ ਕੇ ਸੀ. ਸੀ. ਟੀ. ਵੀ. ਕੈਮਰਿਆ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਵੱਲੋਂ ਮ੍ਰਿਤਕ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


 


Babita

Content Editor

Related News