ਡੇਰਾ ਰਾਧਾ ਸੁਆਮੀ ਮੁਖੀ ਸਮੇਤ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਪਾਰਲੀਮੈਂਟ ’ਚ ਕੀਤੀ ਸ਼ਿਰਕਤ

Tuesday, Feb 06, 2024 - 10:52 AM (IST)

ਡੇਰਾ ਰਾਧਾ ਸੁਆਮੀ ਮੁਖੀ ਸਮੇਤ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਪਾਰਲੀਮੈਂਟ ’ਚ ਕੀਤੀ ਸ਼ਿਰਕਤ

ਬਾਬਾ ਬਕਾਲਾ ਸਾਹਿਬ (ਰਾਕੇਸ਼, ਗੁਲਸ਼ਨ)- ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬੀਤੇ ਦਿਨ ਨਵੀਂ ਦਿੱਲੀ ਵਿਚ ਪਹਿਲੀ ਵਾਰ ਮੀਡੀਆ ਦੇ ਰੂ-ਬ-ਰੂ ਹੋਏ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਵੱਖ-ਵੱਖ ਧਰਮਾਂ ਦੇ ਮੁਖੀਆਂ ਨੂੰ ਪਾਰਲੀਮੈਂਟ ’ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ, ਜਿਸ ਤਹਿਤ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬਾਬਾ ਜੀ ਨੇ ਸਭ ਧਰਮਾਂ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਸਾਰੇ ਇਕ ਹਾਂ। ਧਰਮਾਂ ਤੋਂ ਪਹਿਲਾਂ ਇਨਸਾਨੀਅਤ ਹੈ ਅਤੇ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੋਚ ਅਤੇ ਰਸਤੇ ਵੱਖ-ਵੱਖ ਹੋ ਸਕਦੇ ਹਨ ਪਰ ਪਰਮਪਿਤਾ ਪਰਮਾਤਮਾ ਇਕ ਹੀ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਲੋਕ ਸਭਾ ਹਲਕੇ 'ਚ ਕਿਸੇ ਬਾਹਰੀ ਵਿਅਕਤੀ ਦੇ ਮੁੜ MP ਚੁਣੇ ਜਾਣ ਦੀ ਸੰਭਾਵਨਾ!

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਵਾਈਸ ਪ੍ਰੈਜ਼ੀਡੈਂਟ ਨਾਲ ਮੁਲਾਕਾਤ ਕਾਫ਼ੀ ਚੰਗੀ ਰਹੀ। ਉਨ੍ਹਾਂ ਨੇ ਕਾਫ਼ੀ ਸਮਾਂ ਦਿੱਤਾ। ਬਾਬਾ ਜੀ ਨੇ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਹ ਸੋਮਵਾਰ ਨੂੰ ਨਵੀਂ ਦਿੱਲੀ ਵਿਚ ਸੰਸਦ ਦੀ ਕਾਰਵਾਈ ਦੇਖਣ ਪਹੁੰਚੇ ਸਨ। ਉਨ੍ਹਾਂ ਨਾਲ ਵੱਖ-ਵੱਖ ਧਰਮਾਂ ਦੇ ਧਰਮਗੁਰੂ ਅਤੇ ਪ੍ਰਚਾਰਕ ਵੀ ਮੌਜੂਦ ਸਨ। ਇਸ ਮੌਕੇ ਬਾਬਾ ਗੁਰਿੰਦਰ ਸਿੰਘ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਪਾਰਲੀਮੈਂਟ ਵਿਚ ਆਉਣ ਲਈ ਸਭ ਧਰਮਾਂ ਨੂੰ ਸੱਦਾ ਪੱਤਰ ਭੇਜਿਆ ਅਤੇ ਸਾਰਿਆਂ ਦਾ ਸਤਿਕਾਰ ਕੀਤਾ।

ਇਹ ਵੀ ਪੜ੍ਹੋ : ਸੜਕ ਸੁਰੱਖਿਆ ਫੋਰਸ ਦੀ ਇਸ ਜ਼ਿਲ੍ਹੇ 'ਚ ਜਲਦ ਹੋਵੇਗੀ ਸ਼ੁਰੂਆਤ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ 5 ਪੁਲਸ ਵਾਹਨ

ਜ਼ਿਕਰਯੋਗ ਹੈ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਸੰਨ 1990 ਵਿਚ ਗੱਦੀ ਸੰਭਾਲੀ ਸੀ। ਉਦੋਂ ਤੋਂ ਹੀ ਉਹ ਹਮੇਸ਼ਾ ਹੀ ਮੀਡੀਆ ਤੋਂ ਦੂਰ ਰਹੇ ਪਰ ਕੋਰੋਨਾ ਕਾਲ ਦੌਰਾਨ ਜਦੋਂ ਲੰਮੇ ਸਮੇਂ ਤੱਕ ਡੇਰਾ ਬਿਆਸ ਅਤੇ ਸਤਿਸੰਗ ਘਰਾਂ ਵਿਚ ਸਤਿਸੰਗ ਨਹੀਂ ਹੋਏ ਤਾਂ ਬਾਬਾ ਜੀ ਨੇ ਆਨਲਾਈਨ ਜੁੜ ਕੇ ਸੰਗਤ ਨੂੰ ਦਰਸ਼ਨ ਦਿੱਤੇ ਤੇ ਅਧਿਆਤਮਕ ਸਵਾਲਾਂ ਦੇ ਜਵਾਬ ਵੀ ਦਿੱਤੇ। ਉਦੋਂ ਤੋਂ ਉਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News