ਡੇਰਾ ਮੁਖੀ ਦੀ ਮੁਆਫੀ ਰੱਦ ਕਰਨ ਦਾ ਮਾਮਲਾ ਅੰਤ੍ਰਿੰਗ ਕਮੇਟੀ ''ਚ ਵਿਚਾਰਨ ਮਗਰੋਂ ਜਨਰਲ ਹਾਊਸ ''ਚ ਪੇਸ਼ ਕਰਾਂਗੇ
Friday, Sep 08, 2017 - 07:11 AM (IST)
ਪਟਿਆਲਾ (ਪਰਮੀਤ, ਜੋਸਨ) - ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਦੀ ਅਗਾਮੀ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 'ਚ ਇਸ ਮਾਮਲੇ ਨੂੰ ਲਿਆਂਦਾ ਜਾਵੇਗਾ ਅਤੇ ਵਿਚਾਰਨ ਉਪਰੰਤ ਇਸ ਨੂੰ ਜਨਰਲ ਹਾਊਸ 'ਚ ਪੇਸ਼ ਕੀਤਾ ਜਾਵੇਗਾ। ਅੱਜ ਇਥੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਜਾਂ ਪ੍ਰਧਾਨ ਇਸ ਮਤੇ ਨੂੰ ਰੱਦ ਨਹੀਂ ਕਰ ਸਕਦੇ। ਇਸ ਕਰ ਕੇ ਨਵੰਬਰ 'ਚ ਸੱਦੇ ਜਾਣ ਵਾਲੇ ਜਨਰਲ ਹਾਊਸ 'ਚ ਇਸ ਮਾਮਲੇ ਨੂੰ ਲਿਆ ਕੇ ਅਗਲੇਰੀ ਰੂਪ-ਰੇਖਾ ਉਲੀਕੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇੱਕ ਸਵਾਲ ਦੇ ਜਵਾਬ 'ਚ ਐੈੱਸ. ਵਾਈ. ਐੈੱਲ. ਮਾਮਲੇ ਨੂੰ ਸੰਜੀਦਾ ਕਰਾਰ ਦਿੰਦਿਆਂ ਕਿਹਾ ਕਿ ਪਾਣੀਆਂ ਦਾ ਮਾਮਲਾ ਕੇਂਦਰ ਸਰਕਾਰ ਦੀ ਨੀਤੀ ਤੇ ਨੀਅਤ 'ਤੇ ਨਿਰਭਰ ਹੈ, ਜਦਕਿ ਪੰਜਾਬ ਕੋਲ ਪਾਣੀ ਦੀ ਪਹਿਲਾਂ ਹੀ ਬਹੁਤ ਘਾਟ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਪਾਣੀ ਦੇ ਮਾਮਲੇ 'ਤੇ ਤੱਥਾਂ ਦੇ ਆਧਾਰ ਉੱਤੇ ਫੈਸਲਾ ਲੈਣਾ ਚਾਹੀਦਾ ਹੈ। ਐੈੱਸ. ਵਾਈ. ਐੈੱਲ. ਮਾਮਲੇ 'ਤੇ ਸਾਡੀਆਂ ਸਰਕਾਰਾਂ ਅਤੇ ਸ਼੍ਰੋਮਣੀ ਕਮੇਟੀ ਆਪਣਾ ਪਹਿਲਾਂ ਹੀ ਸਟੈਂਡ ਸਪੱਸ਼ਟ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਅੱਜ ਕਿਸਾਨ ਮੰਦਹਾਲੀ ਦੇ ਦੌਰ 'ਚੋਂ ਲੰਘ ਰਿਹਾ ਹੈ, ਜਿਸ ਕਾਰਨ ਦੇਸ਼ 'ਚ ਭੁੱਖਮਰੀ ਵਰਗੇ ਹਾਲਾਤ ਵੀ ਉਤਪੰਨ ਹੋ ਸਕਦੇ ਹਨ। ਕਿਸਾਨ ਅੰਨਦਾਤਾ ਹੈ, ਜਿਸ ਨੂੰ ਖੁਦਕੁਸ਼ੀਆਂ ਵਾਲਾ ਰਾਹ ਛੱਡ ਕੇ ਆਪਣੀਆਂ ਹੱਕੀ ਮੰਗਾਂ ਲਈ ਮਿਹਨਤ ਤੇ ਸੰਘਰਸ਼ ਵਾਲਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ।
ਇਕ ਹੋਰ ਸਵਾਲ ਦੇ ਜਵਾਬ 'ਚ ਪ੍ਰੋ. ਬਡੂੰਗਰ ਨੇ ਧਾਰਮਿਕ-ਚਿੰਨ੍ਹ ਵਾਲੇ ਮਾਮਲਾ ਸਾਹਮਣੇ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਸ ਸਬੰਧੀ 'ਚ ਸ਼੍ਰੋਮਣੀ ਕਮੇਟੀ ਵੱਲੋਂ ਟੀਮ ਗਠਿਤ ਕਰ ਦਿੱਤੀ ਗਈ ਹੈ, ਜੋ ਲੁਧਿਆਣਾ 'ਚ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗਠਿਤ ਕਮੇਟੀ ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਭੇਜਿਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਨਿਰਮਲ ਸਿੰਘ ਹਰਿਆਉ, ਰਣਧੀਰ ਸਿੰਘ ਰੱਖੜਾ, ਗਿਆਨੀ ਪ੍ਰਣਾਮ ਸਿੰਘ, ਡਾ. ਚਮਕੌਰ ਸਿੰਘ, ਮੀਤ ਸਕੱਤਰ ਸਿਮਰਜੀਤ ਸਿੰਘ, ਨਿੱਜੀ ਸਹਾਇਕ ਭਗਵੰਤ ਸਿੰਘ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਅਤੇ ਮੈਨੇਜਰ ਕਰਨੈਲ ਸਿੰਘ ਆਦਿ ਹਾਜ਼ਰ ਸਨ।
