ਪੰਜਾਬ ''ਚ ''ਆਪ'' ਦੇ ਆਉਣ ਮਗਰੋਂ ਸ਼ੁਰੂ ਹੋਈਆਂ ਬੇਅਦਬੀਆਂ, ਸੁਖਬੀਰ ਬਾਦਲ ਦਾ ਵੱਡਾ ਬਿਆਨ
Thursday, Jan 15, 2026 - 03:17 PM (IST)
ਮੋਗਾ : ਮੋਗਾ ਦੇ ਤਖਤੂਪੁਰਾ ਵਿਖੇ ਮਾਘੀ ਮੌਕੇ ਅਕਾਲੀ ਦਲ ਵਲੋਂ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਿਛਲੇ 20-25 ਸਾਲ ਕਾਂਗਰਸ ਦੇ ਮੁੱਖ ਮੰਤਰੀ ਰਹੇ ਹਨ ਪਰ ਉਨ੍ਹਾਂ ਨੇ ਪੰਜਾਬ ਵਾਸੀਆਂ ਲਈ ਕੋਈ ਕੰਮ ਨਹੀਂ ਕੀਤਾ। ਦੂਜੇ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੀ ਮਿਹਨਤ ਕਰਕੇ ਅਸੀਂ ਇੱਥੇ ਬੈਠੇ ਹਨ। ਫ਼ਸਲਾਂ ਲਈ ਜਿਹੜੇ ਟਿਊਬਵੈੱਲਾਂ 'ਚੋਂ ਪਾਣੀ ਆਉਂਦਾ ਹੈ, ਉਹ ਕੁਨੈਕਸ਼ਨ ਵੀ ਬਾਪੂ ਬਾਦਲ ਨੇ ਦਿੱਤੇ ਅਤੇ ਮੁਫ਼ਤ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣਾ ਸਿਆਸੀ ਜੀਵਨ ਵੀ ਇਸ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਹੈ। ਜਦੋਂ ਮੈਂ ਸੰਸਦ ਮੈਂਬਰ ਸੀ, ਜੋ-ਜੋ ਤੁਸੀਂ ਕਹਿੰਦੇ ਸੀ, ਉਹੀ ਹੁੰਦਾ ਸੀ। ਸੜਕਾਂ, ਹਾਈਵੇਅ, ਪੁਲ ਬਣਾਉਣ ਵਾਲਾ ਅਤੇ 24 ਘੰਟੇ ਬਿਜਲੀ ਦੇਣ ਵਾਲਾ ਅਕਾਲੀ ਦਲ ਹੈ। ਸੁਖਬੀਰ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਸੀਂ ਪਛਾਣਿਆ ਨਹੀਂ, ਆਪਣੇ ਕਿਹੜੇ ਹਨ, ਦਿੱਲੀ ਵਾਲਿਆਂ ਦੇ ਆਖੇ ਲੱਗ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਨਹੀਂ ਵਧੀਆਂ ਛੁੱਟੀਆਂ, ਅੱਜ ਕੜਾਕੇ ਦੀ ਠੰਡ ਵਿਚਾਲੇ ਖੁੱਲ੍ਹੇ ਸਾਰੇ ਸਕੂਲ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 2014 'ਚ ਪੰਜਾਬ 'ਚ ਆਈ ਅਤੇ ਸੂਬੇ 'ਚ 2015 ਤੋਂ ਬੇਅਦਬੀਆਂ ਸ਼ੁਰੂ ਹੋ ਗਈਆਂ। ਇਸ ਤੋਂ ਪਹਿਲਾਂ ਕਿਉਂ ਨਹੀਂ ਹੋਈਆਂ ਕਿਉਂਕਿ ਇਹ ਸਾਰੇ ਸ਼ਰਾਰਤੀ ਲੋਕ ਹਨ, ਜਿਹੜੇ ਭਰਾਵਾਂ 'ਚ ਪਾੜ ਪਾ ਕੇ ਰਾਜ ਕਰਨ ਨੂੰ ਫਿਰਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਵਾਸਤੇ ਤੁਸੀਂ ਪਰਿਵਾਰ ਹੋ ਅਤੇ ਅਸੀਂ ਜਿਊਣਾ-ਮਰਨਾ ਇੱਥੇ ਹਨ ਪਰ ਕੇਜਰੀਵਾਲ ਸਿਰਫ ਇੱਥੇ ਰਾਜ ਕਰਨ ਲਈ ਆਉਂਦਾ ਹੈ। ਉਨ੍ਹਾਂ ਕਿਹਾ ਕਿ ਝਾੜੂ ਵਾਲਿਆਂ ਨੇ ਚੋਣਾਂ ਦੌਰਾਨ ਜਿਹੜੀਆਂ ਗਾਰੰਟੀਆਂ ਦਿੱਤੀਆਂ ਸਨ, ਅੱਜ 5 ਸਾਲ ਹੋ ਗਏ, ਉਨ੍ਹਾਂ ਦਾ ਕੁੱਝ ਨਹੀਂ ਹੋਇਆ ਅਤੇ ਹੁਣ ਇਨ੍ਹਾਂ ਲੋਕਾਂ ਨੂੰ ਕੀ ਅਸੀਂ ਵਾਰ-ਵਾਰ ਮੌਕਾ ਦੇਵਾਂਗੇ ਅਤੇ ਫਿਰ 5 ਸਾਲ ਖ਼ਰਾਬ ਕਰਾਂਗੇ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਮੁੱਖ ਮੰਤਰੀ ਰਾਜ ਕਰਨ ਵਾਸਤੇ ਨਹੀਂ ਬਣਦੇ, ਸਗੋਂ ਮੁੱਖ ਮੰਤਰੀ ਸੇਵਾਦਾਰ ਬਣ ਕੇ ਆਉਂਦੇ ਹਨ। ਅਕਾਲੀ ਦਲ ਜ਼ੁਲਮ ਦੇ ਖ਼ਿਲਾਫ਼ ਲੜਨ ਵਾਲੀ ਪਾਰਟੀ ਹੈ।
ਇਹ ਵੀ ਪੜ੍ਹੋ : CBSE ਨੇ ਸਕੂਲਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ, ਇਸ ਤਾਰੀਖ਼ ਤੱਕ ਮਿਲਿਆ ਅਲਟੀਮੇਟਮ
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਵਾਪਸ ਤਰੱਕੀ 'ਤੇ ਲੈ ਕੇ ਆਉਣਾ ਹੈ ਤਾਂ ਅਕਾਲੀ ਦਲ ਤੋਂ ਬਗੈਰ ਕੋਈ ਚਾਰਾ ਨਹੀਂ ਹੈ। ਸੁਖਬੀਰ ਬਾਦਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਝਾੜੂ ਵਾਲਿਆਂ ਨੇ ਬਹੁਤ ਝੂਠੇ ਕੇਸ ਕੀਤੇ ਹਨ। ਮੈਂ ਵਾਅਦਾ ਕਰਦਾ ਹਾਂ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਪਹਿਲੇ ਦਿਨ ਕਮਿਸ਼ਨ ਬਣਾ ਕੇ ਸਾਰੇ ਕੇਸ ਰੱਦ ਕੀਤੇ ਜਾਣਗੇ ਅਤੇ ਜਿਨ੍ਹਾਂ ਨੇ ਕੇਸ ਕਰਵਾਏ ਹਨ, ਉਨ੍ਹਾਂ 'ਤੇ ਝੂਠੇ ਕੇਸ ਦਰਜ ਕਰਨ ਦਾ ਪਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇਕਰ ਬਾਪੂ ਬਾਦਲ ਸਿਆਸਤ 'ਚ ਨਾ ਆਉਂਦੇ ਤਾਂ ਭਗਵੰਤ ਮਾਨ ਵਰਗੇ 4 ਹੋਰ ਮੁੱਖ ਮੰਤਰੀ ਆ ਜਾਂਦੇ ਤਾਂ ਆਪਣੀਆਂ ਕੋਠੀਆਂ ਅਤੇ ਘਰਾਂ 'ਚ ਟਰੈਕਟਰ ਨਹੀਂ ਹੋਣੇ ਸੀ। ਪੰਜਾਬ 'ਚ ਸੜਕਾਂ ਨਹੀਂ ਹੋਣੀਆਂ ਸੀ ਕਿਉਂਕਿ ਇਹ ਡੱਕਾ ਨਹੀਂ ਤੋੜਦੇ ਅਤੇ ਨਾ ਹੀ ਅਜਿਹੀ ਇਨ੍ਹਾਂ ਦੀ ਸੋਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
