ਡਿਪਟੀ ਡੀ.ਈ.ਓ. ਤੇ ਐੱਲ.ਏ. ਦਾ ਕਲਰਕ 70 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ

Monday, Mar 05, 2018 - 09:36 PM (IST)

ਡਿਪਟੀ ਡੀ.ਈ.ਓ. ਤੇ ਐੱਲ.ਏ. ਦਾ ਕਲਰਕ 70 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ

ਲੁਧਿਆਣਾ (ਪਾਲੀ)- ਸਥਨਾਕ ਪੱਖੋਵਾਲ ਰੋਡ ਸਥਿਤ ਜੀ.ਪੀ.ਐੱਲ. ਅਕੈਡਮੀ ਪ੍ਰਾਈਵੇਟ ਸਕੂਲ ਦੇ ਮਾਲਕ ਤੋਂ ਲੁਧਿਆਣਾ ਦੇ ਡਿਪਟੀ ਡੀ.ਈ.ਓ. ਕੁਲਦੀਪ ਸਿੰਘ ਅਤੇ ਵਿਭਾਗ ਦੇ ਲੀਗਲ ਐਡਵਾਈਜ਼ਰ ਹਰਵਿੰਦਰ ਸਿੰਘ ਦੇ ਨਾਮ 'ਤੇ ਇਕ ਸਿੱਖਿਆ ਵਿਭਾਗ ਦੇ ਹੀ ਕਲਰਕ ਅਮਿਤ ਮਿੱਤਲ ਨੂੰ 70 ਹਜ਼ਾਰ ਰੁਪਏ ਨਕਦ ਰਿਸ਼ਵਤ ਲੈਣ ਸਮੇਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸਾਥੀਆਂ ਸਮੇਤ ਕਾਬੂ ਕਰ ਲਿਆ। ਪੀੜਤ ਵਿਅਕਤੀ ਜਸਪ੍ਰੀਤ ਨੂੰ ਮੌਕੇ 'ਤੇ ਹੀ ਸਾਰੇ ਪੈਸੇ ਵਾਪਸ ਦਿਵਾਏ ਗਏ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਇਕ ਪਾਸੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਇਮਾਨਦਾਰ ਵਿਅਕਤੀ ਹਨ ਤੇ ਉਨ੍ਹਾਂ ਦੇ ਥੱਲੇ ਸਰਕਾਰੀ ਅਧਿਕਾਰੀ ਸ਼ਰੇਆਮ ਰਿਸ਼ਵਤ ਲੈ ਕੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਸਪ੍ਰੀਤ ਨਾਮਕ ਵਿਅਕਤੀ ਦਾ ਪੱਖੋਵਾਲ ਰੋਡ ਸਥਿਤ ਇਕ ਸਕੂਲ ਹੈ। ਜਿੱਥੇ 106 ਬੱਚੇ ਪੜ੍ਹਦੇ ਹਨ, ਜਿਨ੍ਹਾਂ 'ਚੋਂ 20 ਕੁ ਬੱਚੇ ਗਰੀਬ ਘਰਾਂ ਦੇ ਹਨ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਦੋ ਜਾਅਲੀ ਪੱਤਰਕਾਰ ਪਹਿਲਾਂ ਸ਼ਿਕਾਇਤ ਦਿੰਦੇ ਹਨ ਅਤੇ ਬਾਅਦ ਵਿਚ ਉਸ ਸ਼ਿਕਾਇਤ ਨੂੰ ਫਾਈਲ ਕਰਨ ਲਈ ਡੀ.ਈ.ਓ. ਅਤੇ ਐੱਲ. ਏ. ਦੇ ਕਲਰਕ ਨੇ ਪੈਸਿਆਂ ਦੀ ਮੰਗ ਕੀਤੀ। ਪਹਿਲਾਂ ਇਹ ਸੌਦਾ 50 ਹਜ਼ਾਰ ਰੁਪਏ ਦਾ ਹੋਇਆ ਸੀ। ਕੁੱਝ ਸਮਾਂ ਬੀਤਣ ਤੋਂ ਬਾਅਦ ਡਿਪਟੀ ਡੀ.ਓ. ਕੁਲਦੀਪ ਸਿੰਘ ਅਤੇ ਐੱਲ.ਏ. ਹਰਵਿੰਦਰ ਸਿੰਘ ਦੇ ਕਰਿੰਦੇ ਪੀੜਤ ਵਿਅਕਤੀ ਜਸਪ੍ਰੀਤ ਨੂੰ 70 ਹਜ਼ਾਰ ਰੁਪਏ ਦੀ ਰਕਮ ਲੈਣ ਲਈ ਜ਼ੋਰ ਪਾਉਂਦੇ ਹਨ ਤੇ ਬਾਅਦ ਵਿਚ ਉਨ੍ਹਾਂ ਨੇ ਅੱਜ ਜਸਪ੍ਰੀਤ ਨੂੰ ਕੋਚਰ ਮਾਰਕੀਟ ਨੇੜੇ ਲੜਕੀਆਂ ਦੇ ਸਰਕਾਰੀ ਸਕੂਲ 'ਚ ਪੈਸੇ ਲੈ ਕੇ ਆਉਣ ਲਈ ਕਿਹਾ ਤਾਂ ਤੁਰੰਤ ਜਸਪ੍ਰੀਤ ਨੇ ਇਹ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਰਿਸ਼ਵਤ ਲੈਣ ਵਾਲੇ ਵਿਅਕਤੀ ਨੇ ਕਿਹਾ ਕਿ ਇਹ ਰਕਮ ਡਿਪਟੀ ਡੀ.ਈ.ਓ. ਕੁਲਦੀਪ ਸਿੰਘ ਅਤੇ ਲੀਗਲ ਐਡਵਾਈਜ਼ਰ ਹਰਵਿੰਦਰ ਸਿੰਘ ਦੇ ਕਹਿਣ 'ਤੇ ਹੀ ਲਈ ਗਈ ਹੈ। ਬੈਂਸ ਨੇ ਕਿਹਾ ਕਿ ਇਹ ਸਾਰੇ ਮਾਮਲੇ ਨੂੰ ਪੁਲਸ ਕਮਿਸ਼ਨਰ ਦੇ ਧਿਆਨ 'ਚ ਲਿਆਂਦਾ ਗਿਆ ਹੈ ਤਾਂ ਜੋ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਰਿਸ਼ਵਤ ਲੈਣ ਵਾਲੇ ਕਿਸੇ ਵੀ ਵਿਅਕਤੀ ਨਹੀਂ ਬਖਸ਼ਿਆ ਜਾਵੇਗਾ : ਸਿੱਖਿਆ ਸਕੱਤਰ
ਉਪਰੋਕਤ ਰਿਸ਼ਵਤ ਮਾਮਲੇ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿਸੇ ਵੀ ਵੱਡੇ ਅਹੁਦੇ 'ਤੇ ਬਿਰਾਜ਼ਮਾਨ ਹੋਵੇ ਤੇ ਜਾਂ ਕਿਸੇ ਵੀ ਮੰਤਰੀ ਜਾਂ ਮੁੱਖ ਮੰਤਰੀ ਦਾ ਰਿਸ਼ਤੇਦਾਰ ਵੀ ਕਿਉਂ ਨਾ ਹੋਵੇ।
ਮੇਰਾ ਮਾਮਲੇ ਨਾਲ ਕੋਈ ਨਹੀਂ ਲੈਣ-ਦੇਣ : ਡਿਪਟੀ ਡੀ. ਈ.ਓ.
ਡਿਪਟੀ ਡੀ.ਈ.ਓ. ਕੁਲਦੀਪ ਸਿੰਘ ਨੇ ਕਿਹਾ ਕਿ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਮੈਂ ਤਾਂ ਸਿੱਖਿਆ ਵਿਭਾਗ ਵੱਲੋਂ ਰੱਖੀ ਗਈ ਮੀਟਿੰਗ ਲਈ ਚੰਡੀਗੜ੍ਹ ਗਿਆ ਹੋਇਆ ਸੀ। ਇਹ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ।


Related News