ਡਿਪਟੀ ਕਮਿਸ਼ਨਰ ਨੇ ਰਾਹਤ ਕੈਂਪਾਂ ਦਾ ਲਿਆ ਜਾਇਜ਼ਾ, ਜ਼ਿਲ੍ਹੇ ''ਚ 8 ਰਾਹਤ ਕੈਂਪ ਕਾਰਜਸ਼ੀਲ

Friday, Aug 29, 2025 - 11:41 PM (IST)

ਡਿਪਟੀ ਕਮਿਸ਼ਨਰ ਨੇ ਰਾਹਤ ਕੈਂਪਾਂ ਦਾ ਲਿਆ ਜਾਇਜ਼ਾ, ਜ਼ਿਲ੍ਹੇ ''ਚ 8 ਰਾਹਤ ਕੈਂਪ ਕਾਰਜਸ਼ੀਲ

ਫਾਜ਼ਿਲਕਾ (ਸੁਖਵਿੰਦਰ ਥਿੰਦ) : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਜ਼ਿਲ੍ਹੇ ਵਿੱਚ ਬਣੇ ਵੱਖ-ਵੱਖ ਰਾਹਤ ਕੈਂਪਾਂ ਦਾ ਦੌਰਾ ਕਰਕੇ ਇੱਥੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕਰਕੇ ਯਕੀਨੀ ਬਣਾਇਆ ਕਿ ਲੋੜਵੰਦ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਦੀ ਰਹੇ। ਉਨਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ 8 ਰਾਹਤ ਕੈਂਪ ਬਣਾਏ ਗਏ ਹਨ, ਜਿੱਥੇ ਆਉਣ ਵਾਲੇ ਲੋਕਾਂ ਨੂੰ ਰਸਦ, ਲੰਗਰ ਅਤੇ ਉਹਨਾਂ ਦੇ ਜਾਨਵਰਾਂ ਲਈ ਚਾਰਾ ਅਤੇ ਫੀਡ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਟੀਮਾਂ ਵੀ ਲਗਾਤਾਰ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਮੱਛਰ ਮਾਰ ਦਵਾਈ ਦਾ ਸਪਰੇ ਵੀ ਰਾਹਤ ਕੈਂਪਾਂ ਵਿੱਚ ਕਰਵਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਢਾਣੀ ਮੋਹਨਾ ਰਾਮ ਅਤੇ ਨੂਰ ਸਮੰਦ ਰਾਹਤ ਕੈਂਪਾਂ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ : ਸਰਕਾਰ ਨੂੰ ਹੜ੍ਹਾਂ ਤੋਂ ਪਹਿਲਾਂ ਦਰਿਆਵਾਂ ਦੇ ਨਾਜ਼ੁਕ ਸਥਾਨਾਂ ਦੀ ਮੁਰੰਮਤ ਕਰਨੀ ਚਾਹੀਦੀ : ਅਮਰ ਸਿੰਘ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤਲੁਜ ਵਿੱਚ ਪਾਣੀ ਦਾ ਵਹਾਅ ਕੱਲ੍ਹ ਅਨੁਸਾਰ ਸਥਿਰ ਹੈ ਅਤੇ ਇਸ ਸਮੇਂ 2 ਲੱਖ 62 ਹਜ਼ਾਰ ਕਿਊਸਿਕ ਪਾਣੀ ਹੁਸੈਨੀਵਾਲਾ ਤੋਂ ਛੱਡਿਆ ਜਾ ਰਿਹਾ ਹੈ। ਹਾਲਾਂਕਿ ਹਰੀਕੇ ਹੈਡਵਰਕ ਤੋਂ ਨਿਕਾਸੀ ਵਿੱਚ 4 ਹਜ਼ਾਰ ਕਿਊਸਿਕ ਦੀ ਕਮੀ ਆਈ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਮੁਹਾਜ਼ 'ਤੇ ਕੰਮ ਕਰ ਰਿਹਾ ਹੈ। ਉਹਨਾਂ ਨੇ ਆਖਿਆ ਕਿ ਪ੍ਰਭਾਵਿਤ ਪਿੰਡਾਂ ਵਿੱਚ ਪੀਣ ਦਾ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਖੇਤਰਾਂ ਵਿੱਚ ਪਾਣੀ ਦੀ ਘਾਟ ਹੈ, ਉੱਥੇ ਕੈਨੀਆਂ ਨਾਲ ਪਾਣੀ ਪਹੁੰਚਾਇਆ ਜਾ ਰਿਹਾ ਹੈ, ਜਦਕਿ ਜ਼ਿਆਦਾਤਰ ਪਿੰਡਾਂ ਵਿੱਚ ਆਰਓ ਸਿਸਟਮ ਕਾਰਜਸ਼ੀਲ ਹਨ। ਇਸ ਤੋਂ ਬਿਨਾਂ ਹਰ ਪ੍ਰਕਾਰ ਦੀ ਰਾਹਤ ਸਮੱਗਰੀ ਘਰ-ਘਰ ਪਹੁੰਚਾਈ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਰੀਆਂ ਟੀਮਾਂ ਕਾਰਜਸ਼ੀਲ ਹਨ। ਉਹਨਾਂ ਨੇ ਦੱਸਿਆ ਕਿ ਮੈਡੀਕਲ ਟੀਮਾਂ ਵੱਲੋਂ ਅੱਜ ਇੱਕ ਮਰੀਜ਼ ਨੂੰ ਡਾਇਲਸਿਸ ਲਈ ਬੇੜੀ ਰਾਹੀਂ ਲਿਆਂਦਾ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਬਿਨਾਂ ਵੀ ਵੱਖ-ਵੱਖ ਟੀਮਾਂ ਨੇ ਅੱਜ ਸੈਂਕੜੇ ਲੋਕਾਂ ਨੂੰ ਬੇੜੀਆਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ। ਇਸ ਮੌਕੇ ਉਨਾਂ ਦੇ ਨਾਲ ਐਸਡੀਐਮ ਵੀਰਪਾਲ ਕੌਰ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : Google 'ਤੇ ਸਰਚ ਕਰਨ ਤੋਂ ਪਹਿਲਾਂ ਰਹੋ ਸਾਵਧਾਨ! ਇਹ ਚੀਜ਼ਾਂ Search ਕਰਨਾ ਤੁਹਾਨੂੰ ਪਹੁੰਚਾ ਸਕਦਾ ਹੈ ਜੇਲ੍ਹ ਤੱਕ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਨੀਵੇਂ ਥਾਵਾਂ ਵਿੱਚ ਜਾਣ ਤੋਂ ਗੁਰੇਜ਼ ਕਰਨ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਮਦਦ ਦੀ ਲੋੜ ਹੋਵੇ ਜਾਂ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਜਿਲ੍ਹਾ ਪੱਧਰੀ ਹੜ ਕੰਟਰੋਲ ਰੂਮ ਦੇ ਨੰਬਰ 01638-262 153 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News