ਰੇਲਵੇ ਫਾਟਕ ਦਾ ਰਸਤਾ ਬੰਦ ਕਰਨ ਵਿਰੁੱਧ ਵਫਦ ਡੀ. ਸੀ. ਨੂੰ ਮਿਲਿਆ
Wednesday, Feb 07, 2018 - 12:33 PM (IST)

ਹੁਸ਼ਿਆਰਪੁਰ (ਘੁੰਮਣ)— ਗੜ੍ਹਸ਼ੰਕਰ ਤੋਂ ਜੈਜੋਂ ਦੁਆਬਾ ਵਾਲੀ ਰੇਲਵੇ ਲਾਈਨ ਉੱਤੇ ਪੈਂਦੇ ਪਿੰਡ ਸਤਨੌਰ ਵਿਖੇ 79-ਸੀ ਮਾਨਵ ਰਹਿਤ ਰੇਲਵੇ ਫਾਟਕ ਨੂੰ ਮਾਨਵ ਯੁਕਤ ਫਾਟਕ ਬਣਾਉਣ ਦੀ ਮੰਗ ਨੂੰ ਲੈ ਕੇ ਕਾ. ਦਰਸ਼ਨ ਸਿੰਘ ਮੱਟੂ ਜ਼ਿਲਾ ਸਕੱਤਰ ਸੀ. ਪੀ. ਆਈ. (ਐੱਮ.) ਦੀ ਅਗਵਾਈ ਵਿਚ ਇਕ ਵਫਦ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਪੁਲ ਉੱਜਵਲ ਨੂੰ ਮਿਲਿਆ। ਵਫਦ ਨੇ ਦੱਸਿਆ ਕਿ ਇਹ ਫਾਟਕ ਰੇਲਵੇ ਵਿਭਾਗ ਵੱਲੋਂ ਬੰਦ ਕਰਨ ਨਾਲ ਇਲਾਕੇ ਦੇ ਪਿੰਡ ਸਤਨੌਰ, ਸਲੇਮਪੁਰ, ਰਾਮਪੁਰ, ਬਿਲੜੋਂ, ਹਾਜੀਪੁਰ, ਗੁੱਜਰ, ਮਹਿਮੂਦ, ਲਸਾੜਾ, ਜੈਜੋਂ ਦੇ ਲੋਕਾਂ ਨੂੰ ਆਉਣ-ਜਾਣ ਲਈ ਜਿਥੇ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਪਿੰਡ ਸਤਨੌਰ ਦੇ ਲੋਕਾਂ ਨੂੰ ਸਿਵਿਆਂ, ਹੱਡਾ ਰੌੜੀ, ਦੁਕਾਨਾਂ ਅਤੇ ਬੱਚਿਆਂ ਨੂੰ ਸਕੂਲ ਜਾਣ ਲਈ ਵੀ ਮੁਸ਼ਕਿਲਾਂ ਪੇਸ਼ ਆਉਣਗੀਆਂ। ਇਸ ਰਸਤੇ ਰਾਹੀਂ ਨਜ਼ਦੀਕ ਪੈਂਦੇ ਪਿੰਡਾਂ ਦੇ ਲੋਕਾਂ ਦਾ ਵੀ ਸਫਰ ਅੱਧਾ ਘੰਟਾ ਹੋਰ ਵੱਧ ਜਾਵੇਗਾ।
ਕਾ. ਮੱਟੂ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਲਈ ਇਹ ਰਸਤਾ 8 ਪਿੰਡਾਂ ਵਿਚੋਂ ਲੰਘ ਕੇ ਹਿਮਾਚਲ ਪ੍ਰਦੇਸ਼ ਨੂੰ ਜਾਣ ਲਈ ਸਭ ਤੋਂ ਸੌਖਾ ਅਤੇ ਸਸਤਾ ਮਾਰਗ ਹੈ, ਜਿਸ ਕਰਕੇ ਇਸ ਫਾਟਕ ਨੂੰ ਇਲਾਕੇ ਦੇ ਲੋਕ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਕਰਨ ਦੇਣਗੇ। ਮੱਟੂ ਨੇ ਇਹ ਵੀ ਦੱਸਿਆ ਕਿ ਚੰਗੇ ਭਾਗਾਂ ਨੂੰ ਮਾਨਵ ਰਹਿਤ ਇਸ ਫਾਟਕ 'ਤੇ 1914 ਤੋਂ 2018 ਅੱਜ ਤੱਕ ਕੋਈ ਦੁਰਘਟਨਾ ਨਹੀਂ ਹੋਈ। ਵਫਦ ਨੇ 79-ਸੀ ਮਾਨਵ ਰਹਿਤ ਫਾਟਕ ਨੂੰ ਮਾਨਵ ਯੁਕਤ ਫਾਟਕ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਫਦ ਨੂੰ ਇਸ 79-ਸੀ ਮਾਨਵ ਰਹਿਤ ਫਾਟਕ ਨੂੰ ਮਾਨਵ ਯੁਕਤ ਫਾਟਕ ਬਣਾਉਣ ਲਈ ਪੁਰਜ਼ੋਰ ਸਿਫਾਰਸ਼ਾਂ ਸਹਿਤ ਕੇਸ ਰੇਲਵੇ ਵਿਭਾਗ ਨੂੰ ਕਾਰਵਾਈ ਲਈ ਭੇਜਣ ਦਾ ਵਿਸ਼ਵਾਸ ਦਿਵਾਇਆ। ਵਫਦ ਵਿਚ ਸੰਦੀਪ ਸੈਣੀ ਆਮ ਆਦਮੀ ਪਾਰਟੀ, ਗੁਰਮੀਤ ਸਿੰਘ ਦਫਤਰ ਸਕੱਤਰ ਸੀ. ਪੀ. ਆਈ. (ਐੱਮ.) ਹੁਸ਼ਿਆਰਪੁਰ, ਕੁਲਵਿੰਦਰ ਸਿੰਘ ਬਿੱਟੂ ਅਤੇ ਸੁਨੀਤਾ ਸ਼ਰਮਾ ਮੈਂਬਰ ਪੰਜਾਬ ਕਾਂਗਰਸ ਕਮੇਟੀ, ਮਨਜਿੰਦਰ ਸਿੰਘ, ਬਲਵੀਰ ਸਿੰਘ ਸੈਣੀ ਆਰ. ਐੱਮ. ਪੀ. ਆਈ. ਆਦਿ ਆਗੂ ਸ਼ਾਮਲ ਸਨ।