121 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ’ਚ 3 ਅਧਿਕਾਰੀਆਂ ’ਤੇ ਡਿੱਗੀ ਵਿਭਾਗੀ ਗਾਜ
Tuesday, Apr 22, 2025 - 05:19 AM (IST)

ਲੁਧਿਆਣਾ (ਖੁਰਾਣਾ) - ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਲੁਧਿਆਣਾ ਬਲਾਕ-2, ਲਗਭਗ 20 ਮਹੀਨੇ ਪਹਿਲਾਂ, 121 ਕਰੋੜ ਰੁਪਏ ਦੇ ਬਹੁਤ ਚਰਚਿਤ ਕਥਿਤ ਘਪਲੇ ਦੇ ਮਾਮਲੇ ਦਾ ਸਾਹਮਣਾ ਕਰ ਰਹੇ 3 ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਗਈ ਹੈ। ਵਿਭਾਗ ਦੇ ਪ੍ਰਬੰਧਕ ਸਕੱਤਰ ਵਲੋਂ ਮਾਮਲੇ ਸਬੰਧੀ ਜਾਰੀ ਪੱਤਰ ’ਚ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਲੁਧਿਆਣਾ ਦੇ ਬਲਾਕ-2 ’ਚ ਤਾਇਨਾਤ ਸੇਵਾਮੁਕਤ ਬੀ. ਡੀ. ਪੀ. ਓ. ਰੁਪਿੰਦਰਜੀਤ ਕੌਰ, ਸਿਮਰਤ ਕੌਰ ਅਤੇ ਬੀ. ਡੀ. ਪੀ. ਓ. ਗੁਰਪ੍ਰੀਤ ਸਿੰਘ ਮਾਂਗਟ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਵਿਭਾਗ ਦੇ ਅਧਿਕਾਰੀਆਂ ਵਲੋਂ ਬਲਾਕ-2 ਅਧੀਨ ਆਉਂਦੇ ਪਿੰਡ ਸਲੇਮਪੁਰ, ਸੇਲਕੀਆਣਾ ਬੋਕਰ ਗੁੱਜਰਾ, ਸੇਖੇਵਾਲ, ਕਡਿਆਣਾ ਖੁਰਦ ਅਤੇ ਧਨਾਨਸੂ ਗ੍ਰਾਮ ਪੰਚਾਇਤ ਨੂੰ ਪ੍ਰਾਪਤ ਹੋਏ ਐਵਾਰਡ ਮਨੀ ’ਚ 120.87 ਕਰੋੜ ਰੁਪਏ ਦੇ ਕਥਿਤ ਘਪਲੇ ਸਬੰਧੀ ਉਕਤ ਕਾਰਵਾਈ ਕੀਤੀ ਗਈ ਹੈ। ਜਦੋਕਿ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਲੋਂ ਕਰੋੜਾਂ ਰੁਪਏ ਦੇ ਘਪਲੇ ਦੇ ਮਾਮਲੇ ਨਾਲ ਸਬੰਧਤ ਹੋਰ ਸ਼ੱਕੀ ਬੀ. ਡੀ. ਪੀ. ਓਜ਼, ਪੰਚਾਇਤ ਸਕੱਤਰਾਂ ਅਤੇ ਸਰਪੰਚਾਂ ਦੀ ਭੂਮਿਕਾ ਬਾਰੇ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ, ਜੋ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰਦੀ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ’ਤੇ ਵਿਭਾਗ ਦੀ ਤਤਕਾਲੀ ਡੀ. ਡੀ. ਪੀ. ਓ. ਨਵਨੀਤ ਕੌਰ ਵਲੋਂ ਕੀਤੀ ਗਈ ਲੰਬੀ ਜਾਂਚ ਤੋਂ ਬਾਅਦ, 1 ਸਤੰਬਰ, 2023 ਨੂੰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬਲਾਕ-2 ’ਚ 121 ਕਰੋੜ ਰੁਪਏ ਦੇ ਕਥਿਤ ਘਪਲੇ ਦਾ ਪਰਦਾਫਾਸ਼ ਹੋਇਆ ਸੀ। ਉਕਤ ਮਾਮਲੇ ’ਚ ਜਾਂਚ ਅਧਿਕਾਰੀ ਨਵਨੀਤ ਕੌਰ ਨੇ ਕਈ ਪੰਚਾਇਤ ਸਕੱਤਰਾਂ ਅਤੇ ਸਰਪੰਚਾਂ ਸਮੇਤ ਅੱਧਾ ਦਰਜਨ ਦੇ ਕਰੀਬ ਬੀ. ਡੀ. ਪੀ. ਓਜ਼ ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਵਿਰੁੱਧ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ 121 ਕਰੋੜ ਰੁਪਏ ਦੇ ਘਪਲੇ ਵਰਗੇ ਗੰਭੀਰ ਦੋਸ਼ ਤੈਅ ਕੀਤੇ ਸਨ। ਇਹ ਹੈਰਾਨੀ ਵਾਲੀ ਗੱਲ ਹੈ ਕਿ ਲਗਭਗ ਪੌਣੇ 2 ਸਾਲ ਬਾਅਦ ਵੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਬੰਧ ਸਕੱਤਰ ਨੇ 121 ਕਰੋੜ ਕਰੋੜ ਰੁਪਏ ਦੇ ਬਹੁ-ਚਰਚਿਤ ਘਪਲੇ ’ਚ ਸਿਰਫ਼ ਅੱਧੀ ਅਧੂਰੀ ਕਾਰਵਾਈ ਕੀਤੀ ਹੈ।
ਧਿਆਨ ਦੇਣ ਯੋਗ ਹੈ ਕਿ ਮਾਨ ਸਰਕਾਰ ਨੇ ਵਿਭਾਗ ’ਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਸੱਚਾਈ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਹੈ ਪਰ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਜਾਂਚ ਪੂਰੀ ਨਹੀਂ ਕਰ ਸਕੇ ਹਨ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਘਪਲੇ ਦੇ ਮਾਮਲੇ ਦੀਆਂ ਫਾਈਲਾਂ ਮਿੱਟੀ ’ਚ ਮਿਲ ਗਈਆਂ ਹਨ। ਇਥੇ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਸਰਕਾਰ ਅਤੇ ਵਿਜੀਲੈਂਸ ਵਿਭਾਗ ਮਾਮਲੇ ਦੀਆਂ ਜ਼ਮੀਨੀ ਪਰਤਾਂ ਨੂੰ ਖੋਲ੍ਹਦੇ ਹਨ, ਤਾਂ ਹੋਰ ਬਹੁਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਚਿਹਰਿਆਂ ’ਤੇ ਪਹਿਨੇ ਹੋਏ ਇਮਾਨਦਾਰੀ ਦੇ ਮਖੌਟੇ ਬੇਨਕਾਬ ਹੋਣ ਵਾਲੇ ਹਨ। ਵਿਭਾਗੀ ਸੂਤਰਾਂ ਅਨੁਸਾਰ ਇਸ ਵੇਲੇ ਰੁਪਿੰਦਰ ਜੀਤ ਕੌਰ ਬੀ. ਡੀ. ਪੀ. ਓ. ਨਿਹਾਲ ਸਿੰਘ ਵਾਲਾ, ਸਿਮਰਤ ਕੌਰ ਬੀ. ਡੀ. ਪੀ. ਓ. ਭੋਗਪੁਰ ਤੇ ਗੁਰਪ੍ਰੀਤ ਸਿੰਘ ਮਾਂਗਟ ਡੇਰਾਬਸੀ ਤਾਇਨਾਤ ਹਨ।