ਫਤਿਹਗੜ੍ਹ ਸਾਹਿਬ : ਵਿਵਾਦਾਂ ’ਚ ਘਿਰਿਆ ਫੂਡ ਸਿਵਲ ਸਪਲਾਈਜ਼ ਵਿਭਾਗ, ਮ੍ਰਿਤਕ ਵਿਅਕਤੀਆਂ ਦੇ ਨਾਂ ’ਤੇ ਕਢਵਾ ਰਿਹੈ ਕਣਕ

Tuesday, Nov 02, 2021 - 07:05 PM (IST)

ਫਤਿਹਗੜ੍ਹ ਸਾਹਿਬ : ਵਿਵਾਦਾਂ ’ਚ ਘਿਰਿਆ ਫੂਡ ਸਿਵਲ ਸਪਲਾਈਜ਼ ਵਿਭਾਗ, ਮ੍ਰਿਤਕ ਵਿਅਕਤੀਆਂ ਦੇ ਨਾਂ ’ਤੇ ਕਢਵਾ ਰਿਹੈ ਕਣਕ

ਫ਼ਤਿਹਗੜ੍ਹ ਸਾਹਿਬ (ਜਗਦੇਵ)-ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਫੂਡ ਸਿਵਲ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰਜ਼ ਦੀ ਸਮਾਰਟ ਰਾਸ਼ਨ ਕਾਰਡ ਸਕੀਮ, ਜੋ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਫੂਡ ਸਕਿਓਰਿਟੀ ਐਕਟ (ਐੱਨ. ਐੱਫ. ਐੱਸ. ਏ ) ਅਧੀਨ ਚੱਲ ਰਹੀ ਹੈ, ਫਤਿਹਗੜ੍ਹ ਸਾਹਿਬ ’ਚ ਵਿਵਾਦਾਂ ਵਿਚ ਘਿਰ ਕੇ ਰਹਿ ਗਈ ਹੈ, ਜਿਥੇ ਵਿਅਕਤੀ ਦੇ ਮਰ ਜਾਣ ਉਪਰੰਤ ਵੀ ਵਿਭਾਗ ਵੱਲੋਂ 2 ਰੁਪਏ ਪ੍ਰਤੀ ਕਿੱਲੋ ਵੰਡੀ ਜਾਣ ਵਾਲੀ ਕਣਕ ਦੀਆਂ ਪਰਚੀਆਂ ਕੱਟ ਕੇ ਕਣਕ ਕਢਵਾਈ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਤੱਕ ਵੀ ਨਹੀਂ । ਇਸ ਮਾਮਲੇ ਨੂੰ ਸਰਹਿੰਦ ਦੇ ਵਾਰਡ ਨੰਬਰ 13 ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਰਮੇਸ਼ ਕੁਮਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਡਾਇਰੈਕਟਰ ਵਿਜੀਲੈਂਸ ਪੰਜਾਬ ਦੇ ਧਿਆਨ ’ਚ ਲਿਆ ਕੇ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਇਸ ਘਪਲੇ ’ਚ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਚੰਨੀ ਸਰਕਾਰ ਨੇ ਦੀਵਾਲੀ ਦੇ ਤੋਹਫ਼ੇ ਦੇ ਨਾਂ ’ਤੇ ਪੰਜਾਬ ਵਾਸੀਆਂ ਨੂੰ ਚਾਸ਼ਣੀ ’ਚ ਘੋਲ ਕੇ ਦਿੱਤੀ ਸਲਫ਼ਾਸ : ਅਮਨ ਅਰੋੜਾ

PunjabKesari

ਜ਼ਿਕਰਯੋਗ ਹੈ ਕਿ ਰਾਸ਼ਨ ਕਾਰਡ ਨੰਬਰ 030001673159, ਜੋ ਸ਼੍ਰੀਰਾਮ ਦੇ ਨਾਂ ’ਤੇ ਦਰਜ ਹੈ ਅਤੇ ਕਾਰਡ ’ਚ ਸਿਰਫ ਉਸੇ ਹੀ ਲਾਭਪਾਤਰੀ ਦਾ ਨਾਂ ਦਰਜ ਹੈ, ਦੀ ਮੌਤ 25 ਮਾਰਚ 2020 ਨੂੰ ਹੋ ਗਈ ਸੀ। ਇਸ ਲਾਭਪਾਤਰੀ ਦੀ ਮੈਂਬਰ/ਇੰਸਪੈਕਟਰ ਦੇ ਨਾਂ ਹੇਠ ਮਿਤੀ 4 ਜੁਲਾਈ 2020 ਪਰਚੀ ਕੱਟ ਕੇ ਕਢਵਾਈ ਜਾਂਦੀ ਹੈ, ਜਦਕਿ ਸ਼੍ਰੀਰਾਮ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਮਾਮਲੇ ਦੀ ਜਾਣਕਾਰੀ ਤੱਕ ਨਹੀਂ ਕਿ ਉਨ੍ਹਾਂ ਦੇ ਮਰੇ ਹੋਏ ਪਿਤਾ ਦੀ ਕਣਕ ਕਿਸ ਵੱਲੋਂ ਕਢਵਾ ਕੇ ਕਿਸ ਨੂੰ ਦਿੱਤੀ ਗਈ ਹੈ, ਜਦਕਿ ਕਣਕ ਕਰਵਾਉਣ ਸਮੇਂ ਰਾਸ਼ਨ ਕਾਰਡ ’ਚ ਦਰਜ ਕਿਸੇ ਵੀ ਵਿਅਕਤੀ ਦਾ ਮਸ਼ੀਨ ’ਤੇ ਅੰਗੂਠਾ ਲਗਾਉਣਾ ਜ਼ਰੂਰੀ ਹੁੰਦਾ ਹੈ। ਮ੍ਰਿਤਕ ਸ਼੍ਰੀਰਾਮ ਦੇ ਲੜਕੇ ਰਾਜੇਸ਼ ਕੁਮਾਰ ਨੇ ਕਿਹਾ ਕਿ ਉਸ ਦੇ ਪਿਤਾ ਦਾ ਵੱਖਰਾ ਕਾਰਡ ਬਣਿਆ ਹੋਇਆ ਸੀ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਕਣਕ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਪਿਤਾ ਦੇ ਨਾਂ ’ਤੇ ਕਣਕ ਕਿਸ ਵੱਲੋਂ ਕਢਵਾਈ ਗਈ ਹੈ ।

PunjabKesari

ਉੱਧਰ ਵਾਰਡ ਨੰਬਰ 13 ਦੇ ਕੌਂਸਲਰ ਆਸ਼ਾ ਰਾਣੀ ਦੇ ਪਤੀ ਰਮੇਸ਼ ਕੁਮਾਰ ਨੇ ਕਿਹਾ ਕਿ ਅਜਿਹੀ ਕੋਈ ਇਕ ਮਾਮਲਾ ਨਹੀਂ ਹੋ ਸਕਦਾ, ਜੇਕਰ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਵੱਡੇ ਸਕੈਂਡਲ ਨਿਕਲ ਸਕਦੇ ਹਨ । ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਜੀਲੈਂਸ ਡਾਇਰੈਕਟਰ ਪੰਜਾਬ ਦੇ ਧਿਆਨ ’ਚ ਲਿਆਉਣ ਲਈ ਦਰਖਾਸਤਾਂ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਹੀ ਬਸ ਨਹੀਂ, ਅਜਿਹੇ ਹੋਰ ਵੀ ਕਈ ਮਾਮਲੇ ਹਨ, ਜਿਨ੍ਹਾਂ ’ਚ ਸਬੰਧਤ ਵਿਭਾਗ ਦੇ ਇੰਸਪੈਕਟਰ ਵੱਲੋਂ ਖ਼ੁਦ ਮੈਂਬਰ ਦੇ ਨਾਂ ’ਤੇ ਪਰਚੀਆਂ ਕਟਵਾ ਲਈਆਂ ਗਈਆਂ ਹਨ ਤਾਂ ਜੋ ਕਣਕ ਦੀ ਵੰਡ ਦੌਰਾਨ ਹੋਈ ਘਪਲੇਬਾਜ਼ੀ ਦੀ ਸਹੀ ਜਾਂਚ ਹੋ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਉੱਧਰ ਜਦੋਂ ਇਸ ਮਾਮਲੇ ਸਬੰਧੀ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ (ਡੀ. ਐੱਫ. ਐੱਸ. ਓ.) ਫਤਿਹਗੜ੍ਹ ਸਾਹਿਬ ਡਾ. ਰੂਪਪ੍ਰੀਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ ਤੇ ਅਜਿਹੇ ਮਾਮਲੇ ’ਚ ਸ਼ਾਮਲ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।
 


author

Manoj

Content Editor

Related News