ਖੰਨਾ ਦਾਣਾ ਮੰਡੀ ''ਚ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਆਮਦ ''ਚ ਕਮੀ

Saturday, May 02, 2026 - 04:00 PM (IST)

ਖੰਨਾ ਦਾਣਾ ਮੰਡੀ ''ਚ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਆਮਦ ''ਚ ਕਮੀ

ਖੰਨਾ (ਵਿਪਨ) : ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਇਕ ਅਪ੍ਰੈਲ ਤੋਂ ਐਲਾਨ ਕੀਤਾ ਗਿਆ ਸੀ ਪਰ ਮੌਸਮ 'ਚ ਨਮੀ ਹੋਣ ਕਾਰਨ ਮੰਡੀਆਂ 'ਚ ਫਸਲ ਲੇਟ ਆਈ। ਜੇਕਰ ਗੱਲ ਕੀਤੀ ਜਾਵੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਤਾਂ ਖੰਨਾ ਮੰਡੀ 'ਚ ਫ਼ਸਲ ਦੀ ਖ਼ਰੀਦ ਦੀ ਰਸਮੀ ਸ਼ੁਰੂਆਤ 14 ਅਪ੍ਰੈਲ ਤੋਂ ਕੀਤੀ ਗਈ ਅਤੇ ਹੁਣ ਤੱਕ ਖੰਨਾ ਮੰਡੀ 'ਚ 9 ਲੱਖ 8 ਕੁਇੰਟਲ ਯਾਨੀ 18 ਲੱਖ 16 ਹਜ਼ਾਰ ਬੋਰੀਆਂ ਆ ਚੁੱਕੀਆਂ ਹਨ ਅਤੇ ਇਸ ਦੀ ਖਰੀਦ ਵੀ ਹੋ ਚੁੱਕੀ ਹੈ। ਪਿਛਲੀ ਆਮਦ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਮੰਡੀ 'ਚ 10 ਲੱਖ 14 ਕੁਇੰਟਲ ਮਤਲਬ ਕਿ 20 ਲੱਖ 28 ਬੋਰੀ ਮੰਡੀ 'ਚ ਪਹੁੰਚੀ ਸੀ।

ਇਸ ਸਾਲ ਖੰਨਾ ਮੰਡੀ 'ਚ ਨਿੱਜੀ ਵਪਾਰੀਆਂ ਵੱਲੋਂ ਇਕ ਲੱਖ 34 ਕੁਇੰਟਲ ਫਸਲ ਦੀ ਖਰੀਦ ਕੀਤੀ ਗਈ ਹੈ ਅਤੇ ਲਗਭਗ 85 ਫ਼ੀਸਦੀ ਤੋਂ ਜ਼ਿਆਦਾ ਫਸਲ ਮੰਡੀ 'ਚੋਂ ਚੁੱਕੀ ਗਈ ਹੈ। ਇਸ ਵਾਰ ਫਸਲ ਦੀ ਆਮਦ ਘੱਟ ਆਉਣ ਬਾਰੇ ਮਾਰਕੀਟ ਕਮੇਟੀ ਦੇ ਸੈਕਟਰੀ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਵੱਲੋਂ ਮੱਕੀ ਅਤੇ ਆਲੂ ਦੀ ਫ਼ਸਲ ਜ਼ਿਆਦਾ ਲਗਾਈ ਗਈ ਸੀ। ਦੂਸਰੀ ਮੌਸਮ ਦੀ ਮਾਰ ਪੈਣ ਕਾਰਨ ਕਣਕ ਦਾ ਝਾੜ ਘੱਟ ਨਿਕਲਿਆ ਹੈ, ਜਿਸ ਕਾਰਨ ਮੰਡੀ 'ਚ ਫਸਲ ਘੱਟ ਆਈ ਹੈ ਹੁਣ ਸਿਰਫ ਇੱਕ ਜਾਂ ਦੋ ਫ਼ੀਸਦੀ ਫਸਲ ਮੰਡੀ 'ਚ ਆਵੇਗੀ। ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਇਸ ਵਾਰ ਨਿੱਜੀ ਵਪਾਰੀਆਂ ਵੱਲੋਂ ਕਣਕ ਦੀ ਖਰੀਦ ਘੱਟ ਕੀਤੀ ਗਈ ਹੈ ਪਰ ਸੀਜ਼ਨ ਇਸ ਵਾਰ ਜਲਦੀ ਖ਼ਤਮ ਹੋ ਗਿਆ। ਪਿਛਲੇ ਸਾਲ ਇਹ ਸੀਜ਼ਨ 15 ਮਈ ਤੱਕ ਚੱਲਿਆ ਸੀ। 


author

Babita

Content Editor

Related News