ਫ਼ੌਗਿੰਗ ਸਮੇਂ ਘਰਾਂ ਦੇ ਦਰਵਾਜ਼ੇ ਤੇ ਤਾਕੀਆਂ ਰੱਖੇ ਜਾਣ ਖੁੱਲ੍ਹੇ : ਸਿਵਲ ਸਰਜਨ

Tuesday, May 05, 2026 - 02:07 PM (IST)

ਫ਼ੌਗਿੰਗ ਸਮੇਂ ਘਰਾਂ ਦੇ ਦਰਵਾਜ਼ੇ ਤੇ ਤਾਕੀਆਂ ਰੱਖੇ ਜਾਣ ਖੁੱਲ੍ਹੇ : ਸਿਵਲ ਸਰਜਨ

ਮੋਹਾਲੀ (ਰਣਬੀਰ/ਗੌਤਮ) : ਡੇਂਗੂ ਬੁ਼ਖਾਰ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਵਿਭਾਗ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਤਾਲਮੇਲ ਨਾਲ ਅਪ੍ਰੈਲ ਮਹੀਨੇ ਤੋਂ ਮੱਛਰ-ਮਾਰ ਦਵਾਈ ਦਾ ਛਿੜਕਾਅ ਲਗਾਤਾਰ ਜਾਰੀ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਸੰਗੀਤਾ ਜੈਨ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਕਾਮਿਆਂ ਵੱਲੋਂ ਘਰ-ਘਰ ਜਾ ਕੇ ਕੰਟੇਨਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਉੱਚ-ਜ਼ੋਖਮ ਖੇਤਰਾਂ ਤੇ ਹੋਰ ਇਲਾਕਿਆਂ ’ਚ ਮੱਛਰ-ਮਾਰ ਦਵਾਈ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਟੀਮਾਂ ਦਵਾਈ ਦੇ ਛਿੜਕਾਅ ਲਈ ਆਉਂਦੀਆਂ ਹਨ ਤਾਂ ਟੀਮਾਂ ਨਾਲ ਪੂਰਾ ਸਹਿਯੋਗ ਕੀਤਾ ਜਾਵੇ ਤੇ ਘਰਾਂ ਦੇ ਦਰਵਾਜ਼ੇ ਤੇ ਤਾਕੀਆਂ ਖੁੱਲ੍ਹੇ ਰੱਖੇ ਜਾਣ ਤਾਂ ਜੋ ਦਵਾਈ ਅੰਦਰ ਦਾਖ਼ਲ ਹੋ ਕੇ ਪੂਰਾ ਅਸਰ ਕਰ ਸਕੇ। ਹਰ ਕਿਸੇ ਨੂੰ ਡੇਂਗੂ ਬੁ਼ਖਾਰ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਕਿਸੇ ਵੀ ਥਾਂ ’ਤੇ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ। ਹੋਰ ਜਾਣਕਾਰੀ ਲਈ ਮੈਡੀਕਲ ਹੈਲਪਲਾਈਨ ਨੰਬਰ104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


author

Babita

Content Editor

Related News