ਜ਼ਿਲੇ ''ਚ ਡੇਂਗੂ ਨਾਲ ਹੋਈਆਂ 10 ਮੌਤਾਂ ਤੇ 1 ਹਜ਼ਾਰ ਦੇ ਕਰੀਬ ਲੋਕ ਬੀਮਾਰ

10/27/2017 5:19:23 AM

ਕਪੂਰਥਲਾ, (ਭੂਸ਼ਣ)- ਪਹਿਲਾਂ ਹੀ ਜੀ. ਐੱਸ. ਟੀ. ਅਤੇ ਨੋਟਬੰਦੀ ਦੀ ਮਾਰ ਝੱਲ ਰਹੇ ਵਪਾਰੀ ਵਰਗ ਨੂੰ ਬੀਤੇ 2 ਮਹੀਨਿਆਂ ਤੋਂ ਕਪੂਰਥਲਾ ਜ਼ਿਲਾ ਸਮੇਤ ਪੂਰੇ ਸੂਬੇ 'ਚ ਫੈਲੀ ਡੇਂਗੂ ਮਹਾਮਾਰੀ ਨੇ ਬੁਰੀ ਤਰ੍ਹਾਂ ਨਾਲ ਹਿਲਾ ਦਿੱਤਾ ਹੈ । ਜ਼ਿਲੇ 'ਚ ਡੇਂਗੂ ਬੁਖਾਰ ਦੇ ਕਾਰਨ ਹੁਣ ਤਕ ਹੋਈਆਂ 10 ਮੌਤਾਂ ਤੇ 1 ਹਜ਼ਾਰ ਦੇ ਕਰੀਬ ਲੋਕਾਂ ਨੂੰ ਡੇਂਗੂ ਬੁਖਾਰ ਹੋਣ ਦਾ ਅਸਰ ਇਸ ਕਦਰ ਸਾਹਮਣੇ ਆਉਣ ਲੱਗਾ ਹੈ ਕਿ ਡੇਂਗੂ ਰੋਗ ਦੇ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਐੱਨ. ਆਰ. ਆਈ. ਦੀ ਗਿਣਤੀ ਵਿਚ ਕਈ ਗੁਣਾ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸਦੇ ਕਾਰਨ ਅਕਸਰ ਅਕਤੂਬਰ ਮਹੀਨੇ ਦੇ ਦੌਰਾਨ ਐੱਨ. ਆਰ. ਆਈ. ਗਾਹਕਾਂ ਨਾਲ ਭਰੇ ਰਹਿਣ ਵਾਲੇ ਜ਼ਿਲੇ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਦੇ ਬਾਜ਼ਾਰ ਹੁਣ ਸੁੰਨਸਾਨ ਨਜ਼ਰ ਆਉਣ ਲੱਗੇ ਹਨ ।   
ਡੇਂਗੂ ਨਾਲ ਹੋਈਆਂ ਮੌਤਾਂ ਨੇ ਵਿਦੇਸ਼ਾਂ 'ਚ ਵਸੇ ਐੱਨ. ਆਰ. ਆਈ. ਨੂੰ ਡਰਾਇਆ
ਬੀਤੇ 2 ਮਹੀਨਿਆਂ ਦੇ ਦੌਰਾਨ ਡੇਂਗੂ ਬੁਖਾਰ ਨਾਲ ਕਪੂਰਥਲਾ ਜ਼ਿਲੇ ਤੋਂ 10 ਮਾਸੂਮ ਲੋਕਾਂ ਦੀ ਮੌਤ ਨੇ ਸਮਾਜ ਦੇ ਹਰ ਖੇਤਰ 'ਚ ਆਪਣਾ ਬੁਰਾ ਪ੍ਰਭਾਵ ਪਾਇਆ ਹੈ, ਜਿਸਦੇ ਕਾਰਨ ਆਮ ਲੋਕ ਜਿਥੇ ਭਾਰੀ ਦਹਿਸ਼ਤ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ, ਉਥੇ ਹੀ ਅਕਸਰ ਅਕਤੂਬਰ ਮਹੀਨੇ ਦੇ ਦੌਰਾਨ ਵਿਦੇਸ਼ਾਂ 'ਚ ਵਸੇ ਐੱਨ. ਆਰ. ਆਈ. ਦੇ ਆਪਣੇ ਮੂਲ ਸ਼ਹਿਰਾਂ ਅਤੇ ਪਿੰਡਾਂ 'ਚ ਆਉਣ  ਦੇ ਕਾਰਨ ਬਾਜ਼ਾਰਾਂ 'ਚ ਚਹਿਲ-ਪਹਿਲ ਵਧ ਜਾਂਦੀ ਸੀ ਤੇ ਪ੍ਰਾਪਰਟੀ ਦੀ ਖਰੀਦੋ-ਫਰੋਖਤ 'ਚ ਵੀ ਤੇਜ਼ੀ ਆ ਜਾਂਦੀ ਸੀ ਪਰ ਇਸ ਦੌਰਾਨ ਡੇਂਗੂ ਮਹਾਮਾਰੀ ਨੇ ਵਿਦੇਸ਼ਾਂ 'ਚ ਵਸੇ ਐੱਨ. ਆਰ. ਆਈਜ਼. ਨੂੰ ਇਸ ਕਦਰ ਡਰਾ ਦਿੱਤਾ ਹੈ ਕਿ ਉਨ੍ਹਾਂ ਨੇ ਡੇਂਗੂ ਰੋਗ ਦੇ ਡਰ ਨਾਲ ਆਪਣੇ ਪ੍ਰੋਗਰਾਮ ਨੂੰ ਲੰਬੇ ਸਮੇਂ ਲਈ ਟਾਲ ਦਿੱਤਾ ਹੈ, ਜਿਸ ਦੇ ਕਾਰਨ ਪੂਰਾ ਸਾਲ ਐੱਨ. ਆਰ. ਆਈ. ਗਾਹਕਾਂ ਦਾ ਇੰਤਜ਼ਾਰ ਕਰਨ ਵਾਲੇ ਜ਼ਿਲੇ ਦੇ ਪ੍ਰਮੁੱਖ ਸ਼ਹਿਰਾਂ ਕਪੂਰਥਲਾ-ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ ਤੇ ਬੇਗੋਵਾਲ ਦੇ ਬਾਜ਼ਾਰਾਂ 'ਚ ਇਸ ਵਾਰ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਆਮਦ ਬੇਹੱਦ ਘੱਟ ਹੋਣ ਨਾਲ ਵਪਾਰੀਆਂ ਦੀ ਵਿਕਰੀ 'ਤੇ ਉਲਟ ਅਸਰ ਦੇਖਣ ਨੂੰ ਮਿਲਿਆ ਹੈ ।  
 


Related News