ਜ਼ਿਲਾ ਬਰਨਾਲਾ ਡੇਂਗੂ ਦੀ ਲਪੇਟ 'ਚ
Wednesday, Oct 25, 2017 - 07:15 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਡੇਂਗੂ ਦੀ ਬੀਮਾਰੀ ਨੇ ਜ਼ਿਲਾ ਬਰਨਾਲਾ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਮੰਗਲਵਾਰ ਨੂੰ ਜ਼ਿਲੇ 'ਚ ਡੇਂਗੂ ਦੇ 16 ਨਵੇਂ ਕੇਸ ਸਾਹਮਣੇ ਆਉਣ ਨਾਲ ਇਕ ਮਹੀਨੇ 'ਚ ਇਸ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੇ 116 ਹੋ ਗਈ ਹੈ। ਸਿਵਲ ਹਸਪਤਾਲ ਬਰਨਾਲਾ ਦੀ ਸਮਰੱਥਾ ਤੋਂ ਕਰੀਬ ਦੁੱਗਣੇ ਮਰੀਜ਼ ਇਥੇ ਦਾਖਲ ਹਨ, ਜਿਸ ਕਾਰਨ ਉਨ੍ਹਾਂ ਨੂੰ ਵਾਰਡਾਂ ਦੀ ਬਜਾਏ ਵਿਹੜੇ 'ਚ ਮੰਜਿਆਂ 'ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਹੁਣ ਤੱਕ ਜਿਥੇ ਡੇਂਗੂ ਦੇ 116 ਪਾਜ਼ੇਟਿਵ ਮਰੀਜ਼ ਸਿਵਲ ਹਸਪਤਾਲ 'ਚ ਆ ਚੁੱਕੇ ਹਨ ਉਥੇ 200 ਤੋਂ ਵੱਧ ਸ਼ੱਕੀ ਮਰੀਜ਼ ਇਥੇ ਆਪਣਾ ਇਲਾਜ ਕਰਵਾ ਰਹੇ ਹਨ ਜਾਂ ਇਲਾਜ ਕਰਵਾ ਕੇ ਘਰਾਂ ਨੂੰ ਜਾ ਚੁੱਕੇ ਹਨ। ਇਹ ਤਾਂ ਅੰਕੜੇ ਸਰਕਾਰੀ ਹਸਪਤਾਲ ਬਰਨਾਲਾ ਦੇ ਹਨ, ਬਾਕੀ ਪ੍ਰਾਈਵੇਟ ਹਸਪਤਾਲਾਂ ਦੇ ਅੰਕੜੇ ਇਸ ਤੋਂ ਵੱਖਰੇ ਹਨ। ਹੋਰ ਤਾਂ ਹੋਰ ਇਕ ਔਰਤ ਦੀ ਡੇਂਗੂ ਨਾਲ ਮੌਤ ਵੀ ਹੋ ਚੁੱਕੀ ਹੈ। 3 ਫੁੱਟ ਤੱਕ ਹੀ ਉਡ ਸਕਦੈ ਡੇਂਗੂ ਦਾ ਮੱਛਰ : ਸਿਵਲ ਹਸਪਤਾਲ ਬਰਨਾਲਾ ਦੇ ਮੈਡੀਸਨ ਸਪੈਸ਼ਲਿਸਟ ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਡੇਂਗੂ ਦੀ ਬੀਮਾਰੀ ਦਾ ਮੱਛਰ ਸਿਰਫ 3 ਫੁੱਟ ਦੀ ਉਚਾਈ ਤੱਕ ਹੀ ਉਡ ਸਕਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਪੂਰੀਆਂ ਬਾਹਾਂ ਵਾਲੀਆਂ ਕਮੀਜ਼ਾਂ ਅਤੇ ਪੈਰਾਂ 'ਚ ਜੁਰਾਬਾਂ ਪਾਉਣੀਆਂ ਚਾਹੀਦੀਆਂ ਹਨ ਤਾਂ ਜੋ ਡੇਂਗੂ ਦਾ ਮੱਛਰ ਨਾ ਕੱਟ ਸਕੇ। ਆਮ ਤੌਰ 'ਤੇ ਲੋਕਾਂ ਨੂੰ ਇਹ ਜਾਣਕਾਰੀ ਹੈ ਕਿ ਮੱਛਰ ਰਾਤ ਸਮੇਂ ਕੱਟਦਾ ਹੈ ਪਰ ਡੇਂਗੂ ਦਾ ਮੱਛਰ ਦਿਨ ਵੇਲੇ ਹੀ ਕੱਟਦਾ ਹੈ, ਜਿਸ ਕਾਰਨ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।
ਰੋਜ਼ਾਨਾ 50 ਤੋਂ 60 ਵਿਅਕਤੀ ਪਲੇਟਲੈਟਸ ਘਟਨ ਨਾਲ ਪੀੜਤ
ਮੰਡੀ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਡੇਂਗੂ ਪੀੜਤ ਮਰੀਜ਼ਾਂ ਦੀ ਦਿਨੋ-ਦਿਨ ਵਧ ਰਹੀ ਗਿਣਤੀ ਨਾਲ ਹਲਕੇ ਭਰ 'ਚ ਡੇਂਗੂ ਦਾ ਕਹਿਰ ਜਾਰੀ ਹੈ। ਵੱਖ-ਵੱਖ ਲੈਬਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਹਰ ਰੋਜ਼ ਕੀਤੇ ਜਾ ਰਹੇ ਕਰੀਬ 200 ਟੈਸਟਾਂ 'ਚੋਂ 50 ਤੋਂ 60 ਵਿਅਕਤੀ ਪਲੇਟਲੈਟਸ ਘਟਨ ਨਾਲ ਪੀੜਤ ਪਾਏ ਜਾ ਰਹੇ ਹਨ, ਜੋ ਸਥਾਨਕ ਸਿਵਲ ਹਸਪਤਾਲ, ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਜਾ ਰਹੇ ਹਨ ਕਿਉਂਕਿ ਉਥੇ ਪਲੇਟਲੈਟਸ ਚੜ੍ਹਾਉਣ ਦਾ ਪ੍ਰਬੰਧ ਹੈ। ਸੋਮਾ ਸਿੰਘ ਪੁੱਤਰ ਗੁਰਮੇਲ ਸਿੰਘ ਕੋਠੇ ਅਕਾਲਗੜ੍ਹ, ਅਰਸ਼ਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬੰਗਹੇਰ ਪੱਤੀ, ਜਸਦੀਪ ਸਿੰਘ ਪੁੱਤਰ ਹਰਨੇਕ ਸਿੰਘ ਕੋਠੇ ਰਜਿੰਦਰਪੁਰਾ, ਗੁਰਮੇਲ ਸਿੰਘ ਪੁੱਤਰ ਤੇਜਾ ਸਿੰਘ ਜਵੰਧਾ ਪੱਤੀ, ਵਿਜੇ ਕੁਮਾਰ, ਦੀਪਕ ਕੁਮਾਰ ਪੁੱਤਰ ਦੀਪ ਕਢਿਆਲ, ਸੰਦੀਪ ਕੌਰ ਪੁੱਤਰੀ ਜਸਵੀਰ ਸਿੰਘ ਮੰਡੇਰ ਖੁਰਦ ਸਿਵਲ ਹਸਪਤਾਲ ਵਿਖੇ ਡੇਂਗੂ ਦੇ ਇਲਾਜ ਲਈ ਦਾਖਲ ਹਨ। ਐੱਸ.ਐੱਮ.ਓ. ਰਿਪਜੀਤ ਕੌਰ ਨੇ ਕਿਹਾ ਕਿ ਅੱਜ ਹੀ ਫੌਗਿੰਗ ਕਰਵਾਉਣ ਲਈ ਲਿਖਿਆ ਗਿਆ ਅਤੇ ਡੇਂਗੂ ਤੋਂ ਬਚਾਅ ਲਈ ਰੈਲੀਆਂ ਆਦਿ ਕੱਢ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਜਦੋਂ ਸ਼ਹਿਰ 'ਚ ਫੈਲੀ ਗੰਦਗੀ ਸਬੰਧੀ ਐੈੱਸ. ਡੀ. ਐੈੱਮ. ਸੰਦੀਪ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਸਿਵਲ ਹਸਪਤਾਲ ਵਿਚ ਬੈੱਡਾਂ ਦੀ ਗਿਣਤੀ ਵਧਾਈ ਜਾਵੇ
ਸਮਾਜ ਸੇਵੀ ਅਤੇ ਅਕਾਲੀ ਆਗੂ ਰੂਬਲ ਗਿੱਲ ਕੈਨੇਡਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਿਵਲ ਹਸਪਤਾਲ ਬਰਨਾਲਾ 'ਚ ਬੈੱਡਾਂ ਦੀ ਗਿਣਤੀ 100 ਹੀ ਹੈ ਜਦੋਂਕਿ ਪਿਛਲੇ 20-25 ਸਾਲਾਂ 'ਚ ਸ਼ਹਿਰ ਦੀ ਆਬਾਦੀ 3 ਗੁਣਾ ਵਧ ਗਈ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਿਵਲ ਹਸਪਤਾਲ 'ਚ ਬੈੱਡਾਂ ਦੀ ਗਿਣਤੀ ਵਧਾ ਕੇ 200 ਕਰੇ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ। ਬੈੱਡਾਂ ਦੀ ਗਿਣਤੀ ਨਾਲ ਡਾਕਟਰਾਂ ਦੀਆਂ ਸੀਟਾਂ ਵੀ ਹਸਪਤਾਲ 'ਚ ਵਧਣਗੀਆਂ। ਹੁਣ ਹਸਪਤਾਲ 'ਚ ਇਕ ਡਾਕਟਰ 300-300 ਮਰੀਜ਼ਾਂ ਦਾ ਚੈੱਕਅਪ ਕਰਦਾ ਹੈ ਜੋ ਕਿ ਵੱਸ ਤੋਂ ਬਾਹਰ ਹੈ।
