ਡੇਂਗੂ ਦੇ 70 ਨਵੇਂ ਮਰੀਜ਼ ਆਏ ਸਾਹਮਣੇ, ਹਸਪਤਾਲਾਂ ''ਚ ਹਫੜਾ-ਦਫੜੀ ਦਾ ਮਾਹੌਲ
Wednesday, Oct 25, 2017 - 03:11 AM (IST)
ਲੁਧਿਆਣਾ(ਸਹਿਗਲ)-ਮਹਾਨਗਰ ਦੇ ਹਸਪਤਾਲਾਂ ਵਿਚ ਡੇਂਗੂ ਦੇ ਸ਼ੱਕੀ ਮਰੀਜ਼ਾਂ ਨੂੰ ਲੈ ਕੇ ਹਫੜਾ-ਦਫੜੀ ਦਾ ਮਾਹੌਲ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਦੇਖ ਕੇ ਕਈ ਹਸਪਤਾਲਾਂ ਨੂੰ ਮਰੀਜ਼ਾਂ ਦੀ ਭਰਤੀ ਬੰਦ ਕਰਨੀ ਪੈ ਰਹੀ ਹੈ। ਅੱਜ ਵੱਖ-ਵੱਖ ਹਸਪਤਾਲਾਂ ਵਿਚ ਡੇਂਗੂ ਦੇ 70 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 100 ਤੋਂ ਜ਼ਿਆਦਾ ਨਵੇਂ ਮਰੀਜ਼ ਭਰਤੀ ਹੋਏ ਹਨ, ਜਿਨ੍ਹਾਂ ਨੂੰ ਡੇਂਗੂ ਬੁਖਾਰ ਦੇ ਲੱਛਣ ਸਨ। ਮਾਹਿਰਾਂ ਮੁਤਾਬਕ ਡੇਂਗੂ ਬੁਖਾਰ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ। ਅਜੇ ਕੁਝ ਦਿਨ ਹੋਰ ਇਸ ਦਾ ਪ੍ਰਕੋਪ ਜਾਰੀ ਰਹਿਣ ਦੀ ਸੰਭਾਵਨਾ ਹੈ।
ਹਾਲਾਤ ਦਾ ਜਾਇਜ਼ਾ ਲਏ ਬਿਨਾਂ ਪਰਤੇ ਪ੍ਰੋਗਰਾਮ ਅਫਸਰ
ਮਹਾਮਾਰੀਆਂ 'ਤੇ ਕਾਬੂ ਪਾਉਣ ਲਈ ਯੋਜਨਾ ਤਿਆਰ ਕਰਨ ਵਾਲੇ ਚੰਡੀਗੜ੍ਹ ਤੋਂ ਆਏ ਪ੍ਰੋਗਰਾਮ ਅਫਸਰ ਡਾ. ਗਗਨਦੀਪ ਸਿੰਘ ਹਾਲਾਤ ਦਾ ਜਾਇਜ਼ਾ ਲਏ ਬਿਨਾਂ ਹੀ ਵਾਪਸ ਪਰਤ ਗਏ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲਾਤ ਤੋਂ ਜਾਣੂ ਕਰਵਾਇਆ ਗਿਆ ਪਰ ਬਚਾਅ, ਜਾਗਰੂਕਤਾ ਅਤੇ ਸਪਰੇਅ ਆਦਿ ਦੀਆਂ ਹਦਾਇਤਾਂ ਦਿੱਤੇ ਬਿਨਾਂ ਹੀ ਉਹ ਵਾਪਸ ਮੁੜ ਗਏ। ਆਪਣੇ ਦੌਰੇ ਦੌਰਾਨ ਉਹ ਸਿਵਲ ਸਰਜਨ ਦਫਤਰ ਅਤੇ ਸਿਵਲ ਹਸਪਤਾਲ ਗਏ। ਜ਼ਿਲਾ ਮਲੇਰੀਅਰ ਅਫਸਰ ਨੇ ਦੱਸਿਆ ਕਿ ਉਹ ਨੈਸ਼ਨਲ ਹੈਲਥ ਮਿਸ਼ਨ ਦੀ ਕੇਂਦਰ ਤੋਂ ਆ ਰਹੀ ਟੀਮ ਦੇ ਆਉਣ ਤੋਂ ਪਹਿਲਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਥੇ ਆਏ ਸਨ।
ਸ਼ਹਿਰ 'ਚ ਮਹਾਮਾਰੀ ਦੇ ਬਾਵਜੂਦ ਫੌਗਿੰਗ ਨਹੀਂ
ਸ਼ਹਿਰ ਵਿਚ ਡੇਂਗੂ ਦੀ ਮਹਾਮਾਰੀ ਦੇ ਬਾਵਜੂਦ ਨਿਗਮ ਵੱਲੋਂ ਕਿਸੇ ਵੀ ਖੇਤਰ ਵਿਚ ਫੌਗਿੰਗ ਨਹੀਂ ਕੀਤੀ ਜਾ ਰਹੀ। ਹਰ ਖੇਤਰ ਦੇ ਲੋਕਾਂ ਵਿਚ ਇਹ ਸ਼ਿਕਾਇਤ ਆਮ ਪਾਈ ਜਾ ਰਹੀ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਡੇਂਗੂ ਦੇ ਮਰੀਜ਼ਾਂ ਦੇ ਬਾਵਜੂਦ ਫੌਗਿੰਗ ਨਹੀਂ ਕੀਤੀ ਜਾ ਰਹੀ। ਇਨ੍ਹਾਂ ਇਲਾਕਿਆਂ ਵਿਚ ਹੈਬੋਵਾਲ ਕਲਾਂ, ਹੈਬੋਵਾਲ ਖੁਰਦ, ਅਗਰ ਨਗਰ, ਜੀ. ਟੀ. ਬੀ. ਨਗਰ, ਗਿਆਸਪੁਰਾ, ਢੰਡਾਰੀ, ਮੁੰਡੀਆਂ ਆਦਿ ਕਈ ਇਲਾਕਿਆਂ ਵਿਚ ਹਾਲਾਤ ਬੇਕਾਬੂ ਹੁੰਦੇ ਦਿਖਾਈ ਦੇ ਰਹੇ ਹਨ। ਕਈ ਇਲਾਕਿਆਂ ਵਿਚ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਨਿਗਮ ਦੇ ਕਰਮਚਾਰੀ ਸਮਝ ਕੇ ਘੇਰ ਲੈਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਲਗਾਤਾਰ ਫੌਗਿੰਗ ਕੀਤੀ ਜਾਂਦੀ ਤਾਂ ਅਜਿਹੀ ਮਹਾਮਾਰੀ ਵਾਲੇ ਹਾਲਾਤ ਪੈਦਾ ਨਾ ਹੁੰਦੇ।
ਡੇਂਗੂ ਦੇ ਟੈਸਟਾਂ ਦੇ ਜ਼ਿਆਦਾ ਰੇਟ ਵਸੂਲ ਰਹੇ ਹਸਪਤਾਲ
ਸਰਕਾਰ ਵੱਲੋਂ ਡੇਂਗੂ ਦੇ ਟੈਸਟਾਂ ਦੀ ਕੀਮਤ ਤੈਅ ਕਰਨ ਦੇ ਬਾਵਜੂਦ ਹਸਪਤਾਲ ਮਨਮਰਜ਼ੀ ਨਾਲ ਰੇਟ ਵਸੂਲ ਰਹੇ ਹਨ। ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਡੇਂਗੂ ਦੇ ਟੈਸਟਾਂ ਦੀ ਕੀਮਤ 600 ਰੁਪਏ ਤੈਅ ਕੀਤੀ ਸੀ ਪਰ ਵੱਡੇ ਹਸਪਤਾਲ 1200 ਤੋਂ 1400 ਦੇ ਵਿਚ ਡੇਂਗੂ ਦੇ ਟੈਸਟਾਂ ਦੇ ਰੇਟ ਵਸੂਲ ਰਹੇ ਹਨ, ਜਿਨ੍ਹਾਂ 'ਤੇ ਸਿਹਤ ਵਿਭਾਗ ਵੱਲੋਂ ਵੀ ਨਾ ਤਾਂ ਕਿਸੇ ਤਰ੍ਹਾਂ ਦੀ ਰੋਕ ਲਾਈ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਘੱਟ ਰੇਟ 'ਤੇ ਹੋ ਸਕਦਾ ਹੈ ਡੇਂਗੂ ਦਾ ਇਲਾਜ : ਡਾ. ਕੌਸ਼ਲ
ਡਾ. ਵੀ. ਕੇ. ਕੌਸ਼ਲ ਅਤੇ ਡਾ. ਪ੍ਰਦੀਪ ਕਪੂਰ ਨੇ ਕਿਹਾ ਕਿ ਡੇਂਗੂ ਦਾ ਇਲਾਜ ਘੱਟ ਰੇਟਾਂ ਵਿਚ ਹੋ ਸਕਦਾ ਹੈ। ਇਸ 'ਤੇ ਲੱਖਾਂ ਰੁਪਏ ਖਰਚ ਕਰਨ ਦੀ ਲੋੜ ਨਹੀਂ ਹੈ। ਇਕ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਕਿਹਾ ਕਿ ਗੰਭੀਰ ਹਾਲਾਤ ਉਨ੍ਹਾਂ ਕੇਸਾਂ ਵਿਚ ਹੁੰਦੇ ਹਨ, ਜਦੋਂ ਮਰੀਜ਼ ਦੇਰ ਨਾਲ ਹਸਪਤਾਲ ਪੁੱਜਦਾ ਹੈ। ਹਰ ਮਰੀਜ਼ ਲਈ ਮਹਿੰਗਾ ਇਲਾਜ ਜ਼ਰੂਰੀ ਨਹੀਂ ਹੁੰਦਾ।
