ਸ਼ੇਰੋਂ ਖੰਡ ਮਿੱਲ ਨੂੰ ਮੁੜ ਚਲਾਉਣ ਦੀ ਕੀਤੀ ਮੰਗ
Sunday, Aug 20, 2017 - 07:21 AM (IST)

ਤਰਨਤਾਰਨ, (ਆਹਲੂਵਾਲੀਆ)- ਸਹਿਕਾਰੀ ਖੰਡ ਮਿੱਲ ਸ਼ੇਰੋਂ ਵਿਖੇ ਕਿਸਾਨਾਂ ਅਤੇ ਮੁਲਾਜ਼ਮਾਂ ਦੀ ਮੀਟਿੰਗ ਹੋਈ। ਇਸ ਮੌਕੇ ਬਲਦੇਵ ਸਿੰਘ ਕੋਟ ਦਸੰਦੀ ਮੱਲ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਸਕੱਤਰ ਦਲਜੀਤ ਸਿੰਘ ਦਿਆਲਪੁਰ ਨੇ ਦੱਸਿਆ ਕਿ ਮੀਟਿੰਗ ਵਿਚ ਪਾਸ ਕੀਤੇ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਤਰਨਤਾਰਨ ਜ਼ਿਲੇ ਦੀ ਇਕੋ-ਇਕ ਵੱਡੀ ਖੰਡ ਮਿੱਲ ਜੋ ਕਿ ਕਈ ਸਾਲਾਂ ਤੋਂ ਬੰਦ ਪਈ ਹੈ, ਨੂੰ ਇਸ ਸੀਜ਼ਨ ਤੋਂ ਚਾਲੂ ਕੀਤੇ ਜਾਵੇ। ਇਸ ਸਮੇਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਬੰਦ ਪਈਆਂ ਮਿੱਲਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਹਿਜਰਤ ਕਰ ਗਈਆਂ ਸਨਅਤਾਂ ਨੂੰ ਮੁੜ ਪੰਜਾਬ ਵਿਚ ਲਿਆ ਕੇ ਸਥਾਪਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲਾ ਤਰਨਤਾਰਨ ਨਾਲ ਸਬੰਧਿਤ ਵਿਧਾਇਕਾਂ ਨੂੰ ਮਿਲ ਕੇ ਮਿੱਲ ਚਾਲੂ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਤਰਨਤਾਰਨ ਹਲਕੇ ਦੇ ਵਿਧਾਇਕ ਡਾ. ਅਗਨੀਹੋਤਰੀ ਨੂੰ 21 ਅਗਸਤ ਅਤੇ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ 22 ਅਗਸਤ ਨੂੰ ਮਿਲਿਆ ਜਾਵੇਗਾ। ਇਸ ਮੌਕੇ ਕੁਲਵੰਤ ਸਿੰਘ ਗੰਡੀਵਿੰਡ, ਨਿਰਪਾਲ ਸਿੰਘ, ਕਾਬਲ ਸਿੰਘ ਸ਼ੇਰੋਂ, ਤਰਸੇਮ ਢੋਟੀਆਂ, ਪ੍ਰਤਾਪ
ਸਿੰਘ ਤੇ ਨਿਰਵੈਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।