ਨਗਰ ਕੌਂਸਲ ''ਚ ਸੱਤਾ ਦੀ ਨਵੀਂ ਪਾਰੀ ਸ਼ੁਰੂ, ਸ਼ਹਿਰ ਦੇ ਵਿਕਾਸ ''ਤੇ ਫੋਕਸ
Monday, Jul 27, 2026 - 02:29 PM (IST)
ਡੇਰਾਬੱਸੀ (ਗੁਰਜੀਤ ਈਸਾਪੁਰ) : ਡੇਰਾਬੱਸੀ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਆਸ਼ੂ ਉਪਨੇਜਾ ਅਤੇ ਉਪ-ਪ੍ਰਧਾਨ ਦਵਿੰਦਰ ਸੈਣੀ ਨੇ ਸੋਮਵਾਰ ਨੂੰ ਧਾਰਮਿਕ ਮਰਿਆਦਾ ਅਤੇ ਸਾਦਗੀ ਭਰੇ ਸਮਾਗਮ ਦੌਰਾਨ ਆਪਣੇ ਅਹੁਦਿਆਂ ਦਾ ਰਸਮੀ ਤੌਰ 'ਤੇ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ, ਸ਼ਹਿਰ ਦੀ ਖੁਸ਼ਹਾਲੀ ਅਤੇ ਨਵੇਂ ਕਾਰਜਕਾਲ ਦੀ ਸਫ਼ਲਤਾ ਲਈ ਅਰਦਾਸ ਕੀਤੀ ਗਈ। ਸਮਾਗਮ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਨਵੇਂ ਪ੍ਰਧਾਨ ਅਤੇ ਉਪ-ਪ੍ਰਧਾਨ ਨੂੰ ਰਸਮੀ ਤੌਰ 'ਤੇ ਅਹੁਦਾ ਸੰਭਾਲਵਾਇਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕੌਂਸਲਰਾਂ, ਪਾਰਟੀ ਆਗੂਆਂ, ਸਮਾਜ ਸੇਵੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਵੀ ਹਾਜ਼ਰੀ ਲਗਾ ਕੇ ਨਵੇਂ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਨਵੀਂ ਲੀਡਰਸ਼ਿਪ ਦੇ ਆਉਣ ਨਾਲ ਡੇਰਾਬੱਸੀ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਵਰਗ ਦਾ ਬਿਨਾਂ ਕਿਸੇ ਭੇਦਭਾਵ ਅਤੇ ਪੱਖਪਾਤ ਤੋਂ ਸਰਬਪੱਖੀ ਵਿਕਾਸ ਕਰਵਾਉਣਾ ਸਰਕਾਰ ਦੀ ਮੁੱਖ ਤਰਜ਼ੀਹ ਹੈ। ਵਿਕਾਸ ਨਾਲ ਜੁੜੇ ਹਰ ਪ੍ਰਾਜੈਕਟ ਨੂੰ ਸਮੇਂ ਸਿਰ ਪੂਰਾ ਕਰਕੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਆਸ਼ੂ ਉਪਨੇਜਾ ਅਤੇ ਉਪ-ਪ੍ਰਧਾਨ ਦਵਿੰਦਰ ਸੈਣੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖ਼ਰਾ ਉਤਰਦਿਆਂ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਿਤਾ ਨਾਲ ਕੰਮ ਕਰਨਗੇ ਅਤੇ ਡੇਰਾਬੱਸੀ ਨੂੰ ਇੱਕ ਸੁੰਦਰ, ਸਾਫ਼-ਸੁਥਰਾ ਅਤੇ ਵਿਕਸਤ ਸ਼ਹਿਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
