ਵੱਡੀ ਖ਼ਬਰ: ਪੰਜਾਬ ਦੇ 4 ਲੱਖ ਤੋਂ ਵੱਧ ਵੋਟਰ ''ਲਾਪਤਾ''! ਚੋਣ ਕਮਿਸ਼ਨ ਨੇ ਜਾਰੀ ਕੀਤੇ SIR ਦੇ ਅੰਕੜੇ
Tuesday, Aug 04, 2026 - 05:33 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਅਨੁਸਾਰ ਇਸ ਪ੍ਰਕਿਰਿਆ ਦੌਰਾਨ ਕਈ ਅਹਿਮ ਅੰਕੜੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 4.12 ਲੱਖ ਵੋਟਰ ਲਾਪਤਾ ਪਾਏ ਗਏ ਹਨ ਅਤੇ ਲਗਭਗ 20 ਲੱਖ ਇਨਿਊਮਰੇਸ਼ਨ ਫਾਰਮ ਵਾਪਸ ਨਹੀਂ ਆਏ ਹਨ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਕੁੱਲ 2.61 ਕਰੋੜ ਫਾਰਮ ਵੰਡੇ ਗਏ ਸਨ, ਜਿਨ੍ਹਾਂ ਵਿੱਚੋਂ 2.41 ਕਰੋੜ ਵਾਪਸ ਆ ਚੁੱਕੇ ਹਨ। ਜਾਂਚ ਦੌਰਾਨ ਪਾਇਆ ਗਿਆ ਕਿ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ। ਲਗਭਗ 1.19 ਲੱਖ ਡੁਪਲੀਕੇਟ ਵੋਟਰ ਐਂਟਰੀਆਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ 12 ਲੱਖ ਵੋਟਰਾਂ ਦੀ ਮੈਪਿੰਗ ਨਹੀਂ ਹੋ ਸਕੀ।
ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਵੋਟਰ ਸੂਚੀ ਦਾ ਡਰਾਫਟ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਲੋਕ ਇਕ ਮਹੀਨੇ ਤੱਕ ਡਰਾਫਟ ਸੂਚੀ 'ਤੇ ਆਪਣੇ ਦਾਅਵੇ ਜਾਂ ਇਤਰਾਜ਼ ਪੇਸ਼ ਕਰ ਸਕਣਗੇ। ਜਿਹੜੇ ਲੋਕ ਦਫ਼ਤਰ ਨਹੀਂ ਜਾ ਸਕਦੇ, ਉਨ੍ਹਾਂ ਲਈ 16 ਅਗਸਤ ਨੂੰ ਬੂਥ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਸਾਰੀਆਂ ਸੁਧਾਈਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ 12 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।
ਆਨੰਦਿਤਾ ਮਿੱਤਰਾ ਨੇ ਸਪੱਸ਼ਟ ਕੀਤਾ ਕਿ ਅਨ-ਮੈਪਡ ਵੋਟਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਉਹ ਆਪਣੇ ਦਸਤਾਵੇਜ਼ ਪੇਸ਼ ਕਰਕੇ ਆਪਣੀ ਵੋਟ ਰੈਗੂਲਰ ਕਰਵਾ ਸਕਦੇ ਹਨ। ਜੇਕਰ ਕਿਸੇ ਕੋਲ ਕੋਈ ਦਸਤਾਵੇਜ਼ ਨਹੀਂ ਵੀ ਹੈ, ਤਾਂ ਵੀ ਵੈਰੀਫਿਕੇਸ਼ਨ ਤੋਂ ਬਾਅਦ ਉਨ੍ਹਾਂ ਦਾ ਨਾਮ ਸ਼ਾਮਲ ਕੀਤਾ ਜਾ ਸਕਦਾ ਹੈ। ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ 7 ਅਤੇ ਵੇਰਵਿਆਂ ਵਿਚ ਸੋਧ ਲਈ ਫਾਰਮ 8 ਭਰਿਆ ਜਾ ਸਕਦਾ ਹੈ। ਇਹ ਫਾਰਮ ਆਨਲਾਈਨ ਪੋਰਟਲ (voters.eci.gov.in) ਜਾਂ Voter Helpline App ਰਾਹੀਂ ਵੀ ਜਮ੍ਹਾ ਕੀਤੇ ਜਾ ਸਕਦੇ ਹਨ।
