ਬਾਰਿਸ਼ ਨੇ ਖੋਲ੍ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਪ੍ਰਾਜੈਕਟ ਦੀ ਪੋਲ, ਚੋਣ ਲੱਗੀ ਨਵੀਂ ਬਣੀ ਛੱਤ
Monday, Jul 27, 2026 - 03:01 PM (IST)
ਚੰਡੀਗੜ੍ਹ: ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਇਕ 'ਵਰਲਡ ਕਲਾਸ' ਮਲਟੀ-ਮੋਡਲ ਹੱਬ ਵਿਚ ਬਦਲਣ ਦਾ ਦਾਅਵਾ ਫਿਲਹਾਲ ਮੁਸਾਫ਼ਰਾਂ ਲਈ ਮੁਸੀਬਤ ਦਾ ਸਬੱਬ ਬਣਿਆ ਹੋਇਆ ਹੈ। 462 ਕਰੋੜ ਰੁਪਏ ਦੇ ਇਸ ਮੁੜ-ਵਿਕਾਸ ਪ੍ਰਾਜੈਕਟ ਦੇ 90 ਫੀਸਦੀ ਤੋਂ ਵੱਧ ਮੁਕੰਮਲ ਹੋਣ ਦੇ ਦਾਅਵਿਆਂ ਦੇ ਬਾਵਜੂਦ, ਸਟੇਸ਼ਨ 'ਤੇ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ।
ਹਾਲ ਹੀ ਵਿਚ ਹੋਈ ਬਾਰਿਸ਼ ਦੌਰਾਨ ਪਲੇਟਫਾਰਮਾਂ ਉੱਤੇ ਬਣੀ ਨਵੀਂ ਛੱਤ ਵਿਚੋਂ ਪਾਣੀ ਚੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਦਿੱਕਤ ਆਈ। ਇਸ ਤੋਂ ਇਲਾਵਾ, ਸਟੇਸ਼ਨ 'ਤੇ ਲੱਗੇ ਐਸਕੇਲੇਟਰ (ਚਲਦੀਆਂ ਪੌੜੀਆਂ) ਵੀ ਗੈਰ-ਕਾਰਜਸ਼ੀਲ ਪਾਏ ਗਏ ਹਨ। ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਕੁਝ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਵੀਡੀਓਜ਼ ਵਿਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਵੀ ਮੈਨਸ਼ਨ ਕਰਕੇ ਮਸਲਾ ਉਨ੍ਹਾਂ ਦੇ ਧਿਆਨ ਵਿਚ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਇਨ੍ਹਾਂ ਵੀਡੀਓਜ਼ 'ਤੇ ਪ੍ਰਤੀਕਿਰਿਆ ਦਿੰਦਿਆਂ ਚੰਡੀਗੜ੍ਹ ਦੇ ਸਾਂਸਦ ਮਨੀਸ਼ ਤਿਵਾਰੀ ਨੇ ਸਟੇਸ਼ਨ ਦੇ ਨਵੀਨੀਕਰਨ ਦੇ ਕੰਮ ਨੂੰ "ਘਟੀਆ" ਕਰਾਰ ਦਿੱਤਾ ਹੈ। ਉਨ੍ਹਾਂ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਉਹ ਸੰਸਦ ਵਿਚ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਵਿਚ ਘਟੀਆ ਪੱਧਰ ਦਾ ਕੰਮ ਹੋਣ ਦਾ ਮੁੱਦਾ ਚੁੱਕ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਕਾਇਦਾ ਰੇਲਵੇ ਮੰਤਰੀ ਨੂੰ ਚਿੱਠੀ ਵੀ ਲਿਖ ਚੁੱਕੇ ਹਨ।
ਦੂਜੇ ਪਾਸੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ 'ਬ੍ਰਾਊਨਫੀਲਡ' ਪ੍ਰੋਜੈਕਟ ਹੈ, ਜਿਸ ਵਿੱਚ ਸਟੇਸ਼ਨ ਨੂੰ ਚਾਲੂ ਰੱਖਦੇ ਹੋਏ ਨਿਰਮਾਣ ਕਾਰਜ ਕਰਨਾ ਪੈਂਦਾ ਹੈ, ਜਿਸ ਕਾਰਨ ਮੁਸਾਫ਼ਰਾਂ ਨੂੰ ਕੁਝ ਅਸੁਵਿਧਾ ਹੋ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਡਰੇਨੇਜ ਅਤੇ ਹੋਰ ਅੰਦਰੂਨੀ ਕੰਮ ਪੂਰੇ ਹੋਣ ਤੋਂ ਬਾਅਦ ਛੱਤ ਚੋਣ ਵਰਗੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।
ਦੱਸ ਦਈਏ ਕਿ ਜਨਵਰੀ 2023 ਵਿਚ ਸ਼ੁਰੂ ਹੋਇਆ ਇਹ ਕੰਮ ਅਪ੍ਰੈਲ 2024 ਤੱਕ ਪੂਰਾ ਹੋਣਾ ਸੀ। ਕਈ ਵਾਰ ਡੈੱਡਲਾਈਨ ਵਧਣ ਦੇ ਬਾਵਜੂਦ ਇਹ ਸਭ ਅਜੇ ਤਕ ਵੀ ਪੂਰਾ ਨਹੀਂ ਹੋਇਆ। ਹੁਣ ਇਸ ਦੇ ਅਕਤੂਬਰ ਜਾਂ ਨਵੰਬਰ 2026 ਤੱਕ ਪੂਰਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
