ਦਿੱਲੀ ਕਮੇਟੀ ਨੇ ਜੀ. ਐੱਸ. ਟੀ. ਤੋਂ ਲੰਗਰ ਦੀ ਰਸਦ ਨੂੰ ਵਿਸ਼ੇਸ਼ ਟੈਕਸ ਛੋਟ ਦੇਣ ਦੀ ਕੀਤੀ ਵਕਾਲਤ

Tuesday, Jul 04, 2017 - 06:53 PM (IST)

ਜਲੰਧਰ/ਨਵੀਂ ਦਿੱਲੀ(ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ 'ਚ 1 ਜੁਲਾਈ ਤੋਂ ਲਾਗੂ ਹੋਏ ਨਵੇਂ ਟੈਕਸ ਨਿਜ਼ਾਮ ਜੀ. ਐੱਸ. ਟੀ. ਤੋਂ ਲੰਗਰ ਦੀ ਰਸਦ ਨੂੰ ਵਿਸ਼ੇਸ਼ ਟੈਕਸ ਛੋਟ ਦੇਣ ਦੀ ਵਕਾਲਤ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸੋਮਵਾਰ ਨੂੰ ਇਸ ਬਾਬਤ ਦੇਸ਼ ਦੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਤੋਂ ਬਾਅਦ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸਬੰਧੀ ਖਜ਼ਾਨਾ ਮੰਤਰੀ ਨੂੰ ਭੇਜੇ ਗਏ ਪੱਤਰ ਦਾ ਵੀ ਜ਼ਿਕਰ ਕੀਤਾ। ਦਰਅਸਲ ਬੀਬਾ ਬਾਦਲ ਨੇ ਖਜ਼ਾਨਾ ਮੰਤਰੀ ਨੂੰ ਜੀ. ਐੱਸ. ਟੀ. ਕਾਰਨ ਸ਼੍ਰੋਮਣੀ ਕਮੇਟੀ 'ਤੇ ਸਾਲਾਨਾ 10 ਕਰੋੜ ਰੁਪਏ ਦਾ ਵਾਧੂ ਭਾਰ ਪੈਣ ਦੀ ਸੰਭਾਵਨਾ ਪ੍ਰਗਟਾਈ ਸੀ।
ਜੀ. ਕੇ. ਨੇ ਖਦਸ਼ਾ ਜਤਾਇਆ ਕਿ ਲੰਗਰ ਦੀ ਰਸਦ 'ਤੇ 5 ਤੋਂ 18 ਫੀਸਦੀ ਤਕ ਲਗਾਈ ਗਈ ਟੈਕਸ ਦੀ ਦਰ ਗੁਰੂ ਦੀ ਗੋਲਕ ਦੇ ਖਜ਼ਾਨੇ 'ਤੇ ਵਾਧੂ ਭਾਰ ਪਾਵੇਗੀ, ਜਿਸ ਕਰਕੇ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਲੰਗਰ ਛਕਾਉਣ 'ਚ ਕਮੇਟੀ ਨੂੰ ਮੁਸ਼ਕਿਲ ਪੇਸ਼ ਆ ਸਕਦੀ ਹੈ। ਜੀ. ਕੇ. ਨੇ ਕਿਹਾ ਕਿ ਦਿੱਲੀ ਦੇ ਗੁਰੂਧਾਮਾਂ 'ਚ ਜਿੱਥੇ ਹਜ਼ਾਰਾਂ ਸੰਗਤਾਂ ਰੋਜ਼ਾਨਾ ਲੰਗਰ ਛਕਦੀਆਂ ਹਨ ਉਥੇ ਹੀ ਸੈਂਕੜੇ ਪ੍ਰਦਰਸ਼ਨਕਾਰੀਆਂ ਲਈ ਕਮੇਟੀ ਵੱਲੋਂ ਰੋਜ਼ਾਨਾ ਜੰਤਰ-ਮੰਤਰ 'ਤੇ ਵੀ ਲੰਗਰ ਭੇਜਿਆ ਜਾਂਦਾ ਹੈ।ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਕਈ ਹੋਰ ਗੁਰੂਧਾਮਾਂ ਦੇ ਲੰਗਰਾਂ ਲਈ ਪੰਜਾਬ ਸਰਕਾਰ ਵੱਲੋਂ ਵੈਟ ਤੋਂ ਮਿਲੀ ਛੋਟ ਦਾ ਵੀ ਜੀ. ਕੇ. ਨੇ ਹਵਾਲਾ ਦਿੱਤਾ। ਜੀ. ਕੇ. ਨੇ ਦੱਸਿਆ ਕਿ ਜੀ. ਐੱਸ. ਟੀ. 'ਚ ਅੱਧਾ ਟੈਕਸ ਕੇਂਦਰ ਸਰਕਾਰ ਦਾ ਅਤੇ ਅੱਧਾ ਸੂਬਾ ਸਰਕਾਰ ਦਾ ਹੈ।


Related News