ਵਿਆਹ ''ਚ ਵਰਤੀ ਜਾ ਰਹੀ ਸੀ ਡਿਫੈਂਸ ਦੀ ਸ਼ਰਾਬ, ਰੇਡ ਕਰਨ ਗਏ ਐਕਸਾਈਜ਼ ਇੰਸਪੈਕਟਰ ''ਤੇ ਹਮਲਾ

12/11/2017 7:26:08 AM

ਜਲੰਧਰ, (ਮਹੇਸ਼)- ਐਤਵਾਰ ਨੂੰ ਕਰੀਬ 3 ਵਜੇ ਜਮਸ਼ੇਰ 'ਚ ਜਲੰਧਰ-ਨੂਰਮਹਿਲ ਰੋਡ 'ਤੇ ਥਾਣਾ ਸਦਰ ਤੋਂ ਕੁਝ ਹੀ ਦੂਰੀ 'ਤੇ ਸਥਿਤ ਇਕ ਮੈਰਿਜ ਪੈਲੇਸ 'ਚ ਆਯੋਜਿਤ ਵਿਆਹ ਸਮਾਰੋਹ 'ਚ ਵਰਤੀ ਜਾ ਰਹੀ ਡਿਫੈਂਸ ਦੀ ਸ਼ਰਾਬ ਸਬੰਧੀ ਸੂਚਨਾ ਮਿਲਣ 'ਤੇ ਰੇਡ ਕਰਨ ਗਏ ਐਕਸਾਈਜ਼ ਇੰਸ. ਦੀਪਕ ਸ਼ਰਮਾ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਇੰਸ. ਦੀਪਕ ਸ਼ਰਮਾ ਨਾਲ ਰੇਡ 'ਤੇ ਗਏ ਇੰਸ. ਸੁਨੀਲ ਕੁਮਾਰ ਨੇ ਵਾਰਦਾਤ ਸਮੇਂ ਵੀਡੀਓ ਆਪਣੇ ਮੋਬਾਇਲ 'ਚ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਦਾ ਹਮਲਾਵਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਇੰਸ. ਸੁਨੀਲ ਕੁਮਾਰ ਦਾ ਮੋਬਾਇਲ ਖੋਹ ਲਿਆ ਤੇ ਉਸ 'ਚੋਂ ਵੀਡੀਓ ਡਿਲੀਟ ਕਰਨ ਤੋਂ ਬਾਅਦ ਮੋਬਾਇਲ ਵਾਪਸ ਇੰਸ. ਸੁਨੀਲ ਕੁਮਾਰ ਨੂੰ ਸੌਂਪ ਦਿੱਤਾ।
ਥਾਣਾ ਡਵੀਜ਼ਨ ਨੰ. 7 ਦੇ ਇਲਾਕੇ ਅਰਬਨ ਅਸਟੇਟ-ਫੇਜ਼-1 'ਚ ਰਹਿੰਦੇ ਇੰਸ. ਦੀਪਕ ਸ਼ਰਮਾ ਪੁੱਤਰ ਸੁਭਾਸ਼ ਚੰਦਰ ਨੇ ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੂੰ ਸ਼ਿਕਾਇਤ 'ਚ ਕਿਹਾ ਕਿ ਉਹ ਐਕਸਾਈਜ਼ ਵਿਭਾਗ ਜ਼ਿਲਾ ਜਲੰਧਰ-2 'ਚ ਬਤੌਰ ਇੰਸਪੈਕਟਰ ਤਾਇਨਾਤ ਹਨ। ਉਨ੍ਹਾਂ ਮੁਤਾਬਕ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਉਕਤ ਪੈਲੇਸ 'ਚ ਵਿਆਹ ਸਮਾਰੋਹ ਦੌਰਾਨ ਡਿਫੈਂਸ ਦੀ ਸ਼ਰਾਬ ਵਰਤੀ ਜਾ ਰਹੀ ਹੈ, ਜਿਸ 'ਤੇ ਉਨ੍ਹਾਂ ਨੇ ਇੰਸ. ਗੌਤਮ ਗੋਬਿੰਦ ਵੈਸ਼ ਪੁੱਤਰ ਰਮੇਸ਼ ਕੁਮਾਰ ਵਾਸੀ ਮੁਹੱਲਾ ਨੰ. 30 ਜਲੰਧਰ ਕੈਂਟ ਤੇ ਇੰਸ. ਸੁਨੀਲ ਕੁਮਾਰ ਪੁੱਤਰ ਹਕੂਮਤ ਰਾਏ ਵਾਸੀ ਪ੍ਰੀਤ ਨਗਰ ਲਾਡੋਵਾਲੀ ਰੋਡ ਸਮੇਤ ਉਥੇ ਰੇਡ ਕੀਤੀ। ਇੰਸ. ਦੀਪਕ ਮੁਤਾਬਿਕ ਉਨ੍ਹਾਂ ਹੱਥ ਲੱਗੀ ਡਿਫੈਂਸ ਦੀ ਸ਼ਰਾਬ ਵੀ ਖੋਹ ਲਈ ਗਈ। 


Related News