3 ਦਿਨ ਪਹਿਲਾਂ ਧੋਖੇ ਨਾਲ ਦੁਬਈ ਲਿਜਾਈ ਗਈ ਸਿਮਰਜੀਤ ਪਹੁੰਚੀ ਭਾਰਤ

Monday, Jul 30, 2018 - 04:36 AM (IST)

3 ਦਿਨ ਪਹਿਲਾਂ ਧੋਖੇ ਨਾਲ ਦੁਬਈ ਲਿਜਾਈ ਗਈ ਸਿਮਰਜੀਤ ਪਹੁੰਚੀ ਭਾਰਤ

ਅੰਮ੍ਰਿਤਸਰ,   (ਇੰਦਰਜੀਤ)-  3 ਦਿਨ ਪਹਿਲਾਂ ਭਾਰਤ ਤੋਂ ਦੁਬਈ ਪਹੁੰਚ ਗਈ ਤਰਨਤਾਰਨ ਦੇ ਪੰਡੋਰੀ ਗੋਲਾ ਦੀ ਸਿਮਰਜੀਤ ਕੌਰ ਅੱਜ ਨਾਟਕੀ ਘਟਨਾਚੱਕਰ ਤਹਿਤ ਅੰਮ੍ਰਿਤਸਰ ਏਅਰਪੋਰਟ ਰਾਹੀਂ ਭਾਰਤ ਪੁੱਜ ਗਈ। ਦੁਪਹਿਰ 4.45 'ਤੇ ਲੜਕੀ ਭਾਰੀ ਪੁਲਸ ਸੁਰੱਖਿਆ ਵਿਚ ਏਅਰਪੋਰਟ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲੀ ਅਤੇ ਦੇਖਦੇ ਹੀ ਦੇਖਦੇ ਵਾਹਨਾਂ ਦੇ ਕਾਫਲੇ 'ਚ ਏਅਰਪੋਰਟ ਦੀ ਮੁੱਖ ਸੜਕ ਤੋਂ ਮੀਡੀਆ ਦੀਆਂ ਅੱਖਾਂ ਤੋਂ ਓਹਲੇ ਹੋ ਗਈ । ਪੂਰਾ ਸਮਾਂ ਕਿਸੇ ਵੀ ਮੀਡੀਆ ਕਰਮਚਾਰੀ ਤੇ ਬਾਹਰੀ ਵਿਅਕਤੀ ਨੂੰ ਏਅਰਪੋਰਟ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ।
ਮੀਡੀਆ ਨੂੰ ਸੰਖੇਪ ਬਿਆਨ ਵਿਚ ਅੰਮ੍ਰਿਤਸਰ ਦੇ ਏ. ਡੀ. ਸੀ. ਪੀ. ਲਖਬੀਰ ਸਿੰਘ ਨੇ ਦੱਸਿਆ ਕਿ 26 ਜੁਲਾਈ ਨੂੰ ਉਕਤ ਲੜਕੀ ਇਕ ਟ੍ਰੈਵਲ ਏਜੰਟ ਦੇ ਝਾਂਸੇ ਵਿਚ ਆ ਕੇ ਵਿਦੇਸ਼ ਗਈ ਸੀ, ਜਿਥੇ ਉਸ ਨੂੰ ਚਾਈਲਡ ਕੇਅਰ ਦੀ ਨੌਕਰੀ ਦੇ ਬਹਾਨੇ ਲਿਜਾਇਆ ਗਿਆ ਪਰ ਲੜਕੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਸ ਨਾਲ ਧੋਖਾ ਹੋ ਰਿਹਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੁਬਈ ਪੁੱਜਦੇ ਹੀ ਉਸ ਨੂੰ ਮਹਿਸੂਸ ਹੋਇਆ ਕਿ ਉਸ ਨਾਲ ਕੁਝ ਗਲਤ ਹੋਣ ਵਾਲਾ ਹੈ ਪਰ ਇਸ ਦੀ ਸੂਚਨਾ ਮਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਪਹੁੰਚ ਗਈ ਤੇ ਤੁਰੰਤ ਹੀ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਜਿਸ ਉਪਰੰਤ ਅੱਜ ਏਅਰਪੋਰਟ 'ਤੇ ਉਸ ਦੀ ਵਾਪਸੀ ਹੋਈ ।


Related News