ਕਰਜ਼ਾ ਮੁਆਫੀ ਦੇ ਨਾਂ ''ਤੇ ਮਜ਼ਾਕ, ਕਿਸਾਨ ਦਾ ਸਿਰਫ 7 ਰੁਪਏ ਕਰਜ਼ ਮੁਆਫ

01/05/2018 7:41:52 AM

ਪਟਿਆਲਾ, (ਬਲਜਿੰਦਰ, ਰਾਣਾ)- ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਨਾਂ 'ਤੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਕਰਜ਼ਾ ਮੁਆਫੀ ਦੀ ਅਪਣਾਈ ਗਈ ਨੀਤੀ ਤਹਿਤ ਜਿਹੜੀਆਂ ਲਿਸਟਾਂ ਸਹਿਕਾਰੀ ਸੁਸਾਇਟੀਆਂ ਦੇ ਬਾਹਰ ਲਾਈਆਂ ਗਈਆਂ, ਉਨ੍ਹਾਂ ਨੂੰ ਪੜ੍ਹ ਕੇ ਕਰਜ਼ਾ ਮੁਆਫੀ ਬਿਲਕੁਲ ਇਕ ਮਜ਼ਾਕ ਬਣ ਕੇ ਰਹਿ ਗਈ ਹੈ। ਅਜਿਹਾ ਹੀ ਕੋਝਾ ਮਜ਼ਾਕ ਪਿੰਡ ਘਮਰੌਦਾ ਦੇ ਕਿਸਾਨ ਬਲਵਿੰਦਰ ਸਿੰਘ ਨਾਲ ਹੋਇਆ। ਉਸ ਨੂੰ ਕਰਜ਼ਾ ਮੁਆਫੀ ਨੂੰ ਲੈ ਕੇ ਕਾਫੀ ਆਸ ਸੀ ਪਰ ਜਦੋਂ ਉਸ ਨੇ ਪਿੰਡ ਦੀ ਸਹਿਕਾਰੀ ਸੁਸਾਇਟੀ ਦੇ ਬਾਹਰ ਲੱਗੀ ਲਿਸਟ ਦੇਖੀ ਤਾਂ ਉਸ ਵਿਚ ਉਸ ਦੀ ਸਿਰਫ 7 ਰੁਪਏ ਕਰਜ਼ਾ ਮੁਆਫੀ ਦਿਖਾਈ ਗਈ ਹੈ।
ਜ਼ਿਲਾ ਪ੍ਰਸ਼ਾਸਨ ਇਸ ਨੂੰ ਕਲੈਰੀਕਲ ਗਲਤੀ ਕਰਾਰ ਦੇ ਰਿਹਾ ਹੈ। ਹੁਣ ਬਲਵਿੰਦਰ ਸਿੰਘ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। 
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕੁੱਝ ਸਾਲ ਪਹਿਲਾਂ ਸੁਸਾਇਟੀ ਤੋਂ 41700 ਰੁਪਏ ਦਾ ਕਗਜ਼ਾ ਲਿਆ ਸੀ। ਜਦੋਂ ਹੁਣ ਨਵੇਂ ਸਾਲ 'ਤੇ ਕਰਜ਼ਾ ਮੁਆਫੀ ਦੀ ਲਿਸਟ ਆਈ ਤਾਂ ਸਰਕਾਰ ਨੇ ਉਸ ਵਿਚ 7 ਰੁਪਏ ਕਰਜ਼ਾ ਮੁਆਫ ਕਰ ਕੇ ਉਸ ਨਾਲ ਕੋਝਾ ਮਜ਼ਾਕ ਕੀਤਾ। ਉਸ ਨੇ ਤੁਰੰਤ ਇਹ ਮਸਲਾ ਸੁਸਾਇਟੀ ਦੇ ਸਕੱਤਰ ਕੋਲ ਉਠਾਇਆ, ਜਿਸ ਨੇ ਉਸ ਨੂੰ ਐੱਸ. ਡੀ. ਐੱਮ. ਨਾਭਾ ਦੇ ਦਫ਼ਤਰ ਭੇਜ ਦਿੱਤਾ। ਅੱਗੇ ਉਨ੍ਹਾਂ ਉਸ ਦਾ ਕੇਸ ਤਹਿਸੀਲਦਾਰ ਦਫ਼ਤਰ ਨੂੰ ਰੈਫਰ ਕਰ ਦਿੱਤਾ। ਉਨ੍ਹਾਂ ਨੇ ਫਾਈਲ ਨੂੰ ਲੋਕਲ ਪਟਵਾਰੀ ਕੋਲ ਭੇਜ ਦਿੱਤਾ। ਸਥਾਨਕ ਪਟਵਾਰੀ ਵੀ ਕੋਈ ਵਾਜਬ ਜਵਾਬ ਨਾ ਦੇ ਸਕਿਆ। ਇਸ ਤੋਂ ਬਾਅਦ ਉਹ ਮੁੜ ਤਹਿਸੀਲਦਾਰ ਦਫ਼ਤਰ ਗਏ। ਇਥੋਂ ਉਸ ਨੂੰ ਭਰੋਸਾ ਮਿਲਿਆ ਕਿ ਉਸ ਦਾ ਪੂਰਾ ਕਰਜ਼ਾ ਮੁਆਫ ਕਰਵਾਇਆ ਜਾਵੇਗਾ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਮੀਤ ਕੌਰ ਵੱਲ 62 ਹਜ਼ਾਰ ਰੁਪਏ ਦਾ ਕਰਜ਼ਾ ਹੈ, ਜਿਸ ਦਾ ਲਿਸਟ ਵਿਚ ਕਿਤੇ ਨਾਂ ਹੀ ਨਹੀਂ ਹੈ। ਇਥੇ ਦੱਸਣਯੋਗ ਹੈ ਕਿ ਸਰਕਾਰ ਨੇ ਢਾਈ ਏਕੜ ਤੋਂ ਘੱਟ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਪਹਿਲੇ ਫੇਜ਼ ਦੀਆਂ ਲਿਸਟਾਂ ਜਾਰੀ ਕੀਤੀਆਂ ਹਨ। 
ਸਰਕਾਰ ਕਰ ਰਹੀ ਕਿਸਾਨਾਂ ਨਾਲ ਕੋਝਾ ਮਜ਼ਾਕ : ਜਗਮੋਹਨ ਸਿੰਘ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਸ ਦੇ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰ ਕੇ ਇਸ ਦਾ ਵਿਰੋਧ ਕਰੇਗੀ।
ਸਰਕਾਰ ਨੇ ਅਜਿਹੀਆਂ ਲਿਸਟਾਂ ਲਾ ਕੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ : ਹਰਿੰਦਰਪਾਲ ਚੰਦੂਮਾਜਰਾ
ਜ਼ਿਲਾ ਦੇ ਇਕੋ-ਇਕ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ 7 ਰੁਪਏ ਕਰਜ਼ਾ ਮੁਆਫੀ ਦੀਆਂ ਲਿਸਟਾਂ ਲਾ ਕੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਜਾ ਰਿਹਾ ਹੈ। ਪਹਿਲਾਂ ਤਾਂ ਮੁਕੰਮਲ ਕਰਜ਼ਾ ਮੁਆਫੀ ਦਾ ਐਲਾਨ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਪੂਰਨ ਤੌਰ 'ਤੇ ਕਰਜ਼ਾਈ ਹੋ ਗਿਆ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਮੁੱਚੀ ਕਾਂਗਰਸ ਜ਼ਿੰਮੇਵਾਰ ਹੈ। 


Related News